ਚੀਫ਼ ਖਾਲਸਾ ਦੀਵਾਨ ਮਾਮਲਾ: ਜਥੇਦਾਰ ਗੜਗੱਜ ਨੇ ਦੀਵਾਨ ਮੈਂਬਰਾਂ ਨੂੰ ਹੋਈ ਕਿਸੇ ਅਵਗਿਆ ਦੀ ਸੁਧਾਈ ਲਈ 41 ਦਿਨਾਂ ਦਾ ਦਿੱਤਾ ਸਮਾਂ

ਅੰਮ੍ਰਿਤਸਰ, 22 ਜੁਲਾਈ, (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅੱਜ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਦੀਵਾਨ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਨਾਲ ਪਿਛਲੇ ਦਿਨੀਂ ਦੀਵਾਨ ਸੰਬੰਧੀ ਪੁੱਜੀਆਂ ਸ਼ਿਕਾਇਤਾਂ ਦੇ ਸੰਬੰਧ ਵਿਚ ਗੱਲਬਾਤ ਕੀਤੀ ਗਈ। ਇਸ ਉਪਰੰਤ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਚੀਫ਼ ਖਾਲਸਾ ਦੀਵਾਨ ਦੇ ਕਾਰਜਕਾਰਨੀ ਮੈਂਬਰਾਂ ਸਮੇਤ ਸਮੂਹ ਮੈਂਬਰਾਂ ਨੂੰ 1 ਸਤੰਬਰ ਤੱਕ 41 ਦਿਨਾਂ ਦਾ ਅਕਾਲ ਤਖਤ ਸਾਹਿਬ ਵਲੋਂ ਸਮਾਂ ਦਿੱਤਾ ਗਿਆ ਹੈ ਕਿ ਉਹ ਅੰਮ੍ਰਿਤਧਾਰੀ ਹੋਣ ਦੌਰਾਨ ਆਪਣੇ ਵਲੋਂ ਹੋਈ ਕਿਸੇ ਅਵੱਗਿਆ, ਦਾੜੀ ਰੰਗਣ ਜਾਂ ਕਿਸੇ ਹੋਰ ਹੋਈ ਭੁੱਲ ਲਈ ਪੰਜ ਪਿਆਰੇ ਸਾਹਿਬਾਨ ਪਾਸੋਂ ਸ਼ੁੱਧੀ ਕਰਵਾ ਲੈਣ।
ਜਿਹੜਾ ਮੈਂਬਰ ਅਜਿਹਾ ਨਹੀਂ ਕਰੇਗਾ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੀਫ਼ ਖਾਲਸਾ ਦੀਵਾਨ ਸਿੱਖ ਪੰਥ ਦੀ ਨਾਮਵਰ ਸੰਸਥਾ ਹੈ ਤੇ ਪੁਰਾਤਨ ਸਮਿਆਂ ਤੋਂ ਸਿੱਖਿਆ ਦੇ ਪ੍ਰਸਾਰ ਅਤੇ ਸਿੱਖੀ ਦੇ ਪ੍ਰਚਾਰ ਲਈ ਯਤਨਸ਼ੀਲ ਹੈ। ਉਨ੍ਹਾਂ ਦੀਵਾਨ ਨੂੰ ਸਰਹੱਦੀ ਖੇਤਰਾਂ ਵਿਚ ਵੀ ਸਿੱਖਿਆ ਦਾ ਹੋਰ ਪਸਾਰ ਤੇ ਸਿੱਖੀ ਦਾ ਪ੍ਰਚਾਰ ਕਰਨ ਦੀ ਪ੍ਰੇਰਨਾ ਦਿੱਤੀ।
ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮ ਨਗਰ ਕੀਰਤਨ ਤੇ ਸ਼ਤਾਬਦੀਆਂ ਵਰਗੇ ਸਮਾਗਮ ਕਰਨੇ ਧਾਰਮਿਕ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਅਤੇ ਸਰਕਾਰਾਂ ਨੂੰ ਅਜਿਹੇ ਸਮਾਗਮਾਂ ਲਈ ਸੰਗਤਾਂ ਦੀ ਸਹੂਲਤ ਵਾਸਤੇ ਬਾਕੀ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਉਪਰੰਤ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਜਥੇਦਾਰ ਸਾਹਿਬ ਨਾਲ ਬੜੇ ਵਧੀਆ ਮਾਹੌਲ ਵਿਚ ਗੱਲਬਾਤ ਹੋਈ ਹੈ ਤੇ ਉਨ੍ਹਾਂ ਨੇ ਉਨ੍ਹਾਂ ਦੀਵਾਨ ਮੈਂਬਰਾਂ ਨੂੰ 41 ਦਿਨਾਂ ਦਾ ਭੁੱਲ ਬਖਸ਼ਾਉਣ ਜਾਂ ਸੁਧਾਈ ਕਰਵਾਉਣ ਦਾ ਸਮਾਂ ਦਿੱਤਾ ਹੈ, ਜਿਨ੍ਹਾਂ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਭੁੱਲ ਹੋਈ ਹੋਵੇਗੀ। ਉਨ੍ਹਾਂ ਕਿਹਾ ਕਿ ਚੀਫ਼ ਖਾਲਸਾ ਦੀਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾ ਸਮਰਪਿਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜਥੇਦਾਰ ਸਾਹਿਬ ਨਾਲ ਮੁਲਾਕਾਤ ਦੌਰਾਨ ਦੀਵਾਨ ਦੇ 20 ਕਾਰਜਕਰਨੀ ਮੈਂਬਰਾਂ ਸਮੇਤ ਕੁੱਲ 25 ਦੇ ਕਰੀਬ ਮੈਂਬਰ ਹਾਜ਼ਰ ਸਨ।