ਓਲੰਪਿਕ ਸੋਨ ਤਗਮਾ ਜੇਤੂ ਨੂੰ ਦਿੱਲੀ ਸਰਕਾਰ ਦੇਵੇਗੀ 7 ਕਰੋੜ ਦਾ ਇਨਾਮ

ਨਵੀਂ ਦਿੱਲੀ, 22 ਜੁਲਾਈ (ਪੀ.ਟੀ.ਆਈ.)-ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਓਲੰਪਿਕ ਤੇ ਪੈਰਾਲੰਪਿਕ ਤਗਮਾ ਜੇਤੂਆਂ ਲਈ ਨਕਦ ਇਨਾਮਾਂ 'ਚ ਵਾਧਾ ਕੀਤਾ ਹੈ | ਮੰਤਰੀ ਆਸ਼ੀਸ਼ ਸੂਦ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਡਿਜੀਟਲ ਯੋਜਨਾ ਨੂੰ ਪ੍ਰਵਾਨਗੀ ਦੇਣ ਦਾ ਵੀ ਐਲਾਨ ਕੀਤਾ | ਇਹ ਫੈਸਲੇ ਇੱਥੇ ਦਿੱਲੀ ਸਕੱਤਰੇਤ ਵਿਖੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੌਰਾਨ ਲਏ ਗਏ | ਮੁੱਖ ਮੰਤਰੀ ਖੇਡ ਪ੍ਰੋਤਸਾਹਨ ਯੋਜਨਾ ਦੇ ਤਹਿਤ ਇਹ ਇਤਿਹਾਸਕ ਫੈਸਲੇ ਲਏ ਗਏ ਹਨ | ਓਲੰਪਿਕ ਅਤੇ ਪੈਰਾਲੰਪਿਕ ਤਗਮਾ ਜੇਤੂਆਂ ਨੂੰ ਪਹਿਲਾਂ ਸੋਨਾ, ਚਾਂਦੀ ਅਤੇ ਕਾਂਸੀ ਦੇ ਤਗਮਾ ਜੇਤੂਆਂ ਨੂੰ ਕ੍ਰਮਵਾਰ 3 ਕਰੋੜ, 2 ਕਰੋੜ ਅਤੇ 1 ਕਰੋੜ ਰੁਪਏ ਦਿੱਤੇ ਜਾਂਦੇ ਸਨ | ਇੱਥੇ ਖੇਡ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ, ਓਲੰਪਿਕ ਸੋਨਾ ਤਗਮਾ ਜੇਤੂਆਂ ਨੂੰ ਹੁਣ 7 ਕਰੋੜ ਰੁਪਏ, ਚਾਂਦੀ ਤਗਮਾ ਜੇਤੂਆਂ ਨੂੰ 5 ਕਰੋੜ ਰੁਪਏ ਅਤੇ ਕਾਂਸੀ ਤਗਮਾ ਜੇਤੂਆਂ ਨੂੰ 3 ਕਰੋੜ ਰੁਪਏ ਦਿੱਤੇ ਜਾਣਗੇ |