ਸ਼ਹੀਦੀ ਦਿਹਾੜੇ ਧਾਰਮਿਕ ਮਾਣ ਮਰਿਆਦਾ ਅਨੁਸਾਰ ਮਨਾਏ ਜਾਣ - ਭਾਈ ਲੌਂਗੋਵਾਲ

ਲੌਂਗੋਵਾਲ, 25 ਜੁਲਾਈ (ਵਿਨੋਦ,ਖੰਨਾ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵਲੋਂ ਸਿੱਖ ਮਰਿਆਦਾ ਦੇ ਉਲਟ ਕਰਵਾਏ ਪ੍ਰੋਗਰਾਮ ਦੀ ਕਰੜੀ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿਚ ਪੰਜਾਬ ਸਰਕਾਰ ਵਲੋਂ ਗਾਇਕ ਬੀਰ ਸਿੰਘ ਨੂੰ ਬੁਲਾਇਆ ਗਿਆ, ਇਹ ਸਮਾਗਮ ਧਾਰਮਿਕ ਨਾ ਹੋ ਕੇ ਨਿਰੋਲ ਧਰਮ ਵਿਰੋਧੀ ਪ੍ਰੋਗਰਾਮ ਦੀ ਦਿੱਖ ਪੇਸ਼ ਕਰਦਾ ਸੀ ਕਿਉਂਕਿ ਇਸ ਪ੍ਰੋਗਰਾਮ ਵਿਚ ਗੀਤਾਂ ਦੀ ਜੋ ਪੇਸ਼ਕਾਰੀ ਕੀਤੀ ਗਈ, ਉਹ ਨਿਰੋਲ ਧਰਮ ਵਿਰੋਧੀ ਸਨ, ਜਿਸ ਤਰ੍ਹਾਂ ਦੀ ਸ਼ਬਦਾਵਲੀ ਗੀਤਾਂ ਦੇ ਰੂਪ ਵਿਚ ਸੰਗਤਾਂ ਨੂੰ ਪੇਸ਼ ਕੀਤੀ ਗਈ, ਉਹ ਕਿਸੇ ਵੀ ਤਰੀਕੇ ਨਾਲ ਕਿਸੇ ਧਾਰਮਿਕ ਪ੍ਰੋਗਰਾਮ ਦੀ ਸ਼ਬਦਾਵਲੀ ਨਾਲ ਮੇਲ ਨਹੀਂ ਸੀ ਖਾਂਦੀ ਅਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਜਗ੍ਹਾ ਉਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਵੀ ਮੌਜੂਦ ਸਨ।