ਖੇਤ 'ਚ ਕੰਮ ਕਰਦੇ ਸਮੇਂ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ

ਲਹਿਰਾਗਾਗਾ, 26 ਜੁਲਾਈ (ਅਸ਼ੋਕ ਗਰਗ)-ਨੇੜਲੇ ਪਿੰਡ ਲਹਿਲ ਕਲਾਂ ਵਿਖੇ ਇਕ ਕਿਸਾਨ ਦੀ ਖੇਤ ਵਿਚ ਕੰਮ ਕਰਨ ਸਮੇਂ ਮੋਟਰ ਵਿਚ ਕਰੰਟ ਆਉਣ ਕਰਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਸਬੰਧੀ ਪਿੰਡ ਲਹਿਲ ਕਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਗੁਰਤੇਜ ਸਿੰਘ ਪੁੱਤਰ ਲਾਭ ਸਿੰਘ ਉਮਰ ਕਰੀਬ 48 ਸਾਲ ਦੱਸੀ ਜਾ ਰਹੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਗੁਰਤੇਜ ਸਿੰਘ ਆਪਣੇ ਖੇਤ ਵਿਚ ਜੀਰੀ ਦੀ ਫਸਲ ਨੂੰ ਪਾਣੀ ਲਗਾ ਰਿਹਾ ਸੀ। ਮੋਟਰ ਤੋਂ ਪਾਣੀ ਪੀਣ ਸਮੇਂ ਅਚਾਨਕ ਹੀ ਮੋਟਰ ਵਿਚ ਕਰੰਟ ਆ ਗਿਆ, ਜਿਸ ਨੂੰ ਹੱਥ ਲਾਉਣ ਸਮੇਂ ਗੁਰਤੇਜ ਸਿੰਘ ਕਰੰਟ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਪੁੱਤਰ ਅਤੇ ਧੀ ਵਿਦੇਸ਼ ਰਹਿੰਦੇ ਹਨ।