ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਿੱਖਿਆ ਮਿਆਰ ਉੱਚੇ ਚੁੱਕਣ ਲਈ ਅਧਿਆਪਕਾਂ ਨਾਲ ਕੀਤਾ ਗਿਆ ਸੰਵਾਦ


ਸੰਗਰੂਰ, 26 ਜੁਲਾਈ (ਧੀਰਜ ਪਸ਼ੋਰੀਆ) - ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਵਲੋਂ ਰਾਜ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੀ ਗੁਣਵੱਤਾ ਅਤੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਇਕ ਵਿਲੱਖਣ ਕੋਸ਼ਿਸ਼ ਤਹਿਤ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡੀ.ਆਈ. ਈ.ਟੀ.),ਸੰਗਰੂਰ ਵਿਖੇ "ਅਧਿਆਪਕਾਂ ਨਾਲ ਸੰਵਾਦ" ਰਾਹੀਂ ਅਧਿਆਪਕਾਂ ਤੋਂ ਸੁਝਾਅ ਅਤੇ ਫੀਡਬੈਕ ਲਈ। ਕੈਬਨਿਟ ਮੰਤਰੀ ਬੈਂਸ ਨੇ ਸੰਗਰੂਰ ਜ਼ਿਲ੍ਹੇ ਦੇ ਸਕੂਲ ਮੁਖੀਆਂ ਨਾਲ ਵਿਸ਼ੇਸ਼ ਸੰਵਾਦ ਕਰਦਿਆਂ ਉਨ੍ਹਾਂ ਤੋਂ ਕੀਮਤੀ ਸੁਝਾਅ ਲਏ ਤਾਂ ਜੋ ਸਿੱਖਿਆ ਦੀ ਗੁਣਵੱਤਾ ਤੇ ਸਕੂਲਾਂ ਦੀਆਂ ਢਾਂਚਾਗਤ ਸੁਵਿਧਾਵਾਂ ਵਿਚ ਹੋਰ ਸੁਧਾਰ ਲਿਆਂਦਾ ਜਾ ਸਕੇ।
ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਨਤੀਜਾ ਮੁੱਖੀ ਹੈ ਨਾ ਕਿ ਕੇਵਲ ਦਿੱਖਾਵਟ ਵਾਲੀ ਹੈ। ਉਨ੍ਹਾਂ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਦਾ ਪੂਰਾ ਭਰੋਸਾ ਦਿਵਾਇਆ ਅਤੇ 400 ਕਰੋੜ ਰੁਪਏ ਦੀ ਲਾਗਤ ਨਾਲ ਕੰਪਿਊਟਰ ਲੈਬਾਂ ਦਾ ਨਵੀਨੀਕਰਨ ਕਰਨ ਦੀ ਯੋਜਨਾ ਦਾ ਐਲਾਨ ਕੀਤਾ।