JALANDHAR WEATHER

ਸਰਪੰਚੀ ਦੀ ਉੱਪ ਚੋਣ ਮੌਕੇ ਹੰਗਾਮਾ, ਸਥਿਤੀ ਟਕਰਾਅ ਵਾਲੀ ਬਣੀ

ਬਾੜੂੰਦੀ (ਲੁਧਿਆਣਾ), 27 ਜੁਲਾਈ (ਕੁਲਦੀਪ ਸਿੰਘ ਲੋਹਟ) - ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡ ਬੜੂੰਦੀ ਦੀ ਸਰਪੰਚੀ ਦੀ ਉੱਪ ਚੋਣ ਮੌਕੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਸਰਪੰਚੀ ਦੀ ਚੋਣ ਲੜ ਰਹੇ ਦੋ ਧੜਿਆਂ ਦੇ ਸਮਰਥਕ ਆਹਮੋ-ਸਾਹਮਣੇ ਹੁੰਦੇ ਦਿਖਾਈ ਦਿੱਤੇ। ਅੱਜ ਸਵੇਰੇ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਸ਼ੁਰੂ ਹੋ ਗਈ ਸੀ ਪਰੰਤੂ ਸਥਿਤੀ ਉਸ ਸਮੇਂ ਵਿਗੜ ਗਈ, ਜਦੋਂ ਚੋਣ ਲੜ ਰਹੇ ਦੋਵਾਂ ਧੜਿਆਂ ਨੇ ਇਕ ਵੋਟਰ ਦੀ ਵੋਟ 'ਤੇ ਆਪੋ ਆਪਣੀ ਦਾਅਵੇਦਾਰੀ ਜਿਤਾ ਦਿੱਤੀ ਤੇ ਵੋਟ ਪਾਉਣ ਨੂੰ ਲੈ ਕੇ ਤਕਰਾਰ ਹੋ ਗਿਆ ।

ਹਾਲਾਂਕਿ ਇਹ ਤਕਰਾਰ ਪੁਲਿਸ ਦਖਲ ਤੋਂ ਬਾਅਦ ਸਮਾਪਤ ਹੋ ਗਿਆ । ਦੱਸਣਯੋਗ ਹੈ ਕਿ ਪਿੰਡ ਬਾੜੂੰਦੀ ਵਿਚ ਜਸਵਿੰਦਰ ਸਿੰਘ ਬਿੱਟੂ ਤੇ ਰਵਿੰਦਰ ਸਿੰਘ ਵਿਚਾਲੇ ਕਾਂਟੇ ਦੀ ਟੱਕਰ ਹੈ।ਅੱਜ ਜਦੋਂ ਸਵੇਰੇ ਵੋਟਿੰਗ ਸ਼ੁਰੂ ਹੋਈ ਤਾਂ ਪਹਿਲਾਂ ਤਾਂ ਮਾਹੌਲ ਕਾਫੀ ਸ਼ਾਂਤੀਪੂਰਵਕ ਰਿਹਾ, ਪਰ ਜਦੋਂ ਵੋਟਿੰਗ ਲਈ ਵੋਟਰਾਂ ਨੇ ਲਾਈਨਾਂ ਵਿਚ ਆ ਕੇ ਖੜਨਾ ਸ਼ੁਰੂ ਕਰ ਦਿੱਤਾ ਤਾਂ ਉਸ ਵੇਲੇ ਹੋਏ ਇਸ ਹੰਗਾਮੇ ਨੇ ਪ੍ਰਸ਼ਾਸਨ ਦਾ ਸਾਰਾ ਧਿਆਨ ਇਸ ਚੋਣ 'ਤੇ ਕੇਂਦਰਿਤ ਕਰ ਦਿੱਤਾ।ਇਸ ਮੌਕੇ ਅਰਵਿੰਦਰ ਸਿੰਘ ਨੇ ਵਿਰੋਧੀ ਉਮੀਦਵਾਰ ਜਸਵਿੰਦਰ ਸਿੰਘ 'ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜਸਵਿੰਦਰ ਸਿੰਘ ਸੱਤਾਧਾਰੀ ਧਿਰ ਦੇ ਉਮੀਦਵਾਰ ਹਨ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਵਾ ਰਹੇ ਹਨ। ਉਧਰ ਜਸਵਿੰਦਰ ਸਿੰਘ ਨੇ ਅਰਵਿੰਦਰ ਸਿੰਘ ਦੇ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਦਿਆਂ ਕਿਹਾ ਕਿ ਅਰਵਿੰਦਰ ਸਿੰਘ ਨੂੰ ਆਪਣੀ ਹਾਰ ਦਿਖ ਰਹੀ ਹੈ ਤੇ ਉਹ ਬੁਖਲਾਹਟ ਵਿਚ ਆ ਕੇ ਅਜਿਹੇ ਬੇਹੂਦਾ ਦੋਸ਼ ਲਾ ਰਹੇ ਹਨ। ਮਾਹੌਲ ਤਣਾਅਪੂਰਨ ਹੁੰਦਿਆਂ ਹੀ ਥਾਣਾ ਸੁਧਾਰ ਦੇ ਐਸ.ਐਚ.ਓ. ਜਸਵਿੰਦਰ ਸਿੰਘ ਮੌਕੇ 'ਤੇ ਹੀ ਪਹੁੰਚ ਗਏ ਤੇ ਉਨ੍ਹਾਂ ਵਿਗੜਦੇ ਹਾਲਾਤਾਂ ਨੂੰ ਕਾਬੂ ਕਰਕੇ ਸ਼ਾਂਤੀਪੂਰਵਕ ਮਾਹੌਲ ਦੇ ਵਿਚ ਦੁਬਾਰਾ ਤੋਂ ਵੋਟਿੰਗ ਸ਼ੁਰੂ ਕਰਵਾ ਦਿੱਤੀ। ਇਸ ਮੌਕੇ ਐਸ.ਐਚ.ਓ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿਸੇ ਨੂੰ ਵੀ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ