ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਦਾ ਫੌਜੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਪਠਾਨਕੋਟ, 31 ਜੁਲਾਈ (ਸੰਧੂ)-ਫੌਜ ਦੀ 14 ਸਿੰਧ ਹਾਰਸ ਯੂਨਿਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ, ਜੋ ਕਿ ਜੰਮੂ-ਕਸ਼ਮੀਰ ਦੀ ਚੀਨ ਸਰਹੱਦ ਲੱਦਾਖ ਵਿਖੇ ਤਾਇਨਾਤ ਸਨ, ਕੱਲ੍ਹ ਆਪਣੇ ਸਾਥੀਆਂ ਨਾਲ ਦੁਰਬੁਕ ਖੇਤਰ ਵਿਚ ਫਾਇਰਿੰਗ ਰੇਂਜ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਅਚਾਨਕ ਲੈਂਡ ਸਲਾਈਡਿੰਗ ਵਿਚ ਫਸ ਗਈ, ਜਿਸ ਕਾਰਨ ਉਹ ਅਤੇ ਉਨ੍ਹਾਂ ਦੇ ਡਰਾਈਵਰ ਲਾਂਸ ਹੌਲਦਾਰ ਦਲਜੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਤੋਂ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਅਧਿਕਾਰੀ ਜ਼ਖਮੀ ਹੋ ਗਏ। ਅੱਜ, ਵੀਰਵਾਰ ਨੂੰ ਤਿਰੰਗੇ ਵਿਚ ਵਾਪਸ ਆਏ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਦਾ ਚੱਕੀ ਪੁਲ ਨੇੜੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਮਾਮੂਨ ਛਾਉਣੀ ਤੋਂ ਫੌਜ ਦੀ 23 ਪੰਜਾਬ ਯੂਨਿਟ ਦੇ ਕਮਾਂਡਿੰਗ ਅਫਸਰ ਕਰਨਲ ਪੰਕਜ ਰਾਠੀ ਅਤੇ 2. ਆਈ.ਸੀ. ਗੌਰਵ ਸ਼ੈੱਟੀ ਦੀ ਅਗਵਾਈ ਵਾਲੀ ਟੁਕੜੀ ਨੇ ਸ਼ਹੀਦ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਨੂੰ ਆਪਣੇ ਹਥਿਆਰ ਉਲਟੇ ਕਰਕੇ ਅਤੇ ਹਵਾ ਵਿਚ ਗੋਲੀਆਂ ਚਲਾ ਕੇ ਸਲਾਮੀ ਦਿੱਤੀ।
ਇਸ ਮੌਕੇ ਫੌਜ ਦੇ ਕਮਾਂਡਰ ਪੱਛਮੀ ਕਮਾਂਡ ਲੈਫਟੀਨੈਂਟ ਜਨਰਲ ਐਮ.ਕੇ. ਕਟਿਆਰ, ਜੀ.ਓ.ਸੀ. ਇਨ ਚੀਫ਼ ਆਰਟ੍ਰੈਕ ਸ਼ਿਮਲਾ ਤੋਂ ਲੈਫਟੀਨੈਂਟ ਜਨਰਲ ਦਵਿੰਦਰ ਸ਼ਰਮਾ, ਲੈਫਟੀਨੈਂਟ ਜਨਰਲ ਆਰ ਪੁਸ਼ਕਰ, ਸ਼ਹੀਦ ਦੇ ਸਹੁਰਾ ਸੇਵਾ-ਮੁਕਤ ਲੈਫਟੀਨੈਂਟ ਜਨਰਲ ਪ੍ਰਵੀਨ ਬਖਸ਼ੀ, ਲੈਫਟੀਨੈਂਟ ਜਨਰਲ ਰਾਹੁਲ ਓਹਰੀ, ਮੇਜਰ ਜਨਰਲ ਸੰਜੀਵ ਸਲਾਰੀਆ, 21 ਸਬ-ਏਰੀਆ ਕਮਾਂਡਰ ਬ੍ਰਿਗੇਡੀਅਰ ਸੰਜੀਵ ਸਹਾਰਨ, ਬ੍ਰਿਗੇਡੀਅਰ ਅਨੀਮੇਸ਼ ਜਤਾਰਨ, ਸ਼ਹੀਦ ਦੇ ਪਿਤਾ ਸੇਵਾ-ਮੁਕਤ ਕਰਨਲ ਆਰ.ਪੀ.ਐਸ. ਮਨਕੋਟੀਆ, ਮਾਂ ਸੁਨੀਤਾ ਮਨਕੋਟੀਆ, ਪਤਨੀ ਤਾਰਿਣੀ ਮਨਕੋਟੀਆ, ਭਰਾ ਮੇਜਰ ਸ਼ੌਰਿਆ, ਪ੍ਰਤਾਪ ਸਿੰਘ ਮਨਕੋਟੀਆ, ਨਾਨਾ ਸੇਵਾ-ਮੁਕਤ ਕਰਨਲ ਸਵਰਨ ਸਿੰਘ ਸਲਾਰੀਆ, ਸੇਵਾ-ਮੁਕਤ ਏਅਰ ਵਾਈਸ ਮਾਰਸ਼ਲ ਪੀ.ਐਸ. ਮੱਲ੍ਹੀ, ਕਰਨਲ ਹਮਿੰਦਰ ਸਿੰਘ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਏ.ਡੀ.ਸੀ. ਹਰਦੀਪ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਅਤੇ ਸ਼ਹੀਦ ਲੈਫਟੀਨੈਂਟ ਗੁਰਦੀਪ ਸਲਾਰੀਆ ਦੇ ਪਿਤਾ ਸ਼ੌਰਿਆ ਚੱਕਰ ਕਰਨਲ ਸਾਗਰ ਸਿੰਘ ਸਲਾਰੀਆ, ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਵਲੋਂ ਸ਼ਹੀਦ ਦੀਆਂ ਮ੍ਰਿਤਕ ਦੇਹਾਂ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀਆਂ ਭੇਟ ਕੀਤੀ। ਇਸ ਤੋਂ ਪਹਿਲਾਂ, ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਦੇ ਮ੍ਰਿਤਕ ਸਰੀਰ ਨੂੰ ਤਿਰੰਗੇ ਵਿਚ ਲਪੇਟ ਕੇ ਲੇਹ ਤੋਂ ਪਠਾਨਕੋਟ ਏਅਰਬੇਸ ਲਿਆਂਦਾ ਗਿਆ ਜਿਥੋਂ ਜਦੋਂ ਉਨ੍ਹਾਂ ਨੂੰ ਫੁੱਲਾਂ ਨਾਲ ਸਜਾਏ ਗਏ ਫੌਜੀ ਵਾਹਨ ਵਿਚ ਅਬਰੋਲ ਨਗਰ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਲਿਆਂਦਾ ਗਿਆ ਤਾਂ ਮਾਹੌਲ ਬਹੁਤ ਹੀ ਗੰਮਗੀਨ ਹੋ ਗਿਆ। ਪੁੱਤਰ ਦੇ ਮ੍ਰਿਤਕ ਸਰੀਰ ਨੂੰ ਤਿਰੰਗੇ ਵਿਚ ਲਪੇਟ ਕੇ ਦੇਖ ਕੇ, ਮਾਂ ਸੁਨੀਤਾ ਮਨਕੋਟੀਆ ਅਤੇ ਪਿਤਾ ਸੇਵਾ-ਮੁਕਤ ਕਰਨਲ ਆਰ.ਪੀ.ਐਸ. ਮਨਕੋਟੀਆ ਦੇ ਹੰਝੂ ਹਰੇਕ ਦੇ ਦਿਲ ਨੂੰ ਝੰਜੋੜ ਗਏ।