ਐਨ.ਪੀ.ਐਸ. ਕਰਮਚਾਰੀਆਂ ਨੇ ਕੇਂਦਰ ਤੇ ਰਾਜ ਸਰਕਾਰ ਵਿਰੁੱਧ ਮੰਗਾਂ ਨਾ ਮੰਨਣ 'ਤੇ ਕੀਤੀ ਨਾਅਰੇਬਾਜ਼ੀ

ਸੰਗਰੂਰ, 1 ਅਗਸਤ (ਧੀਰਜ ਪਸ਼ੋਰੀਆ)-ਜ਼ਿਲ੍ਹੇ ਦੇ ਐਨ. ਪੀ. ਐਸ. ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ. ਪੀ. ਈ. ਐਫ. ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਰੋਸ ਕਾਰਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕੱਢਿਆ। ਇਕੱਠੇ ਹੋਏ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਪੁੰਨਾਵਾਲ, ਸਤਵੰਤ ਸਿੰਘ ਆਲਮਪੁਰ, ਰਾਜਬੀਰ ਸਿੰਘ ਬਡਰੁੱਖਾਂ, ਦਾਤਾ ਸਿੰਘ ਅਤੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵਲੋਂ ਦੇਸ਼ ਪੱਧਰ ਉਤੇ ਦਿੱਤੇ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਦੇਸ਼ ਦੇ ਹਰ ਜ਼ਿਲ੍ਹਾ ਹੈੱਡ ਕੁਆਰਟਰ ਉਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐਨ.ਪੀ.ਐਸ. ਅਤੇ ਯੂ.ਪੀ.ਐਸ. ਦੀ ਵਿਰੋਧਤਾ ਅਤੇ ਨਿਜੀਕਰਨ ਵਿਰੁੱਧ ਇਕ ਦਿਨਾਂ ਰੋਸ ਮਾਰਚ ਕੱਢਿਆ ਗਿਆ।
ਇਸ ਸੰਘਰਸ਼ ਨੂੰ ਅੱਗੇ ਤੋਰਦਿਆਂ 5 ਸਤੰਬਰ 2025 ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਹਰ ਜ਼ਿਲ੍ਹਾ ਹੈੱਡ ਕੁਆਰਟਰ ਉਤੇ ਇਕ ਦਿਨਾ ਭੁੱਖ-ਹੜਤਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੱਖੀ ਜਾਵੇਗੀ ਅਤੇ 1 ਅਕਤੂਬਰ 2025 ਨੂੰ ਸੋਸ਼ਲ ਮੀਡੀਆ ਉਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਹਿੰਮ ਚਲਾਈ ਜਾਵੇਗੀ। 25 ਨਵੰਬਰ 2025 ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐਨ.ਪੀ.ਐਸ. ਅਤੇ ਯੂ.ਪੀ.ਐਸ. ਵਿਰੋਧਤਾ ਅਤੇ ਨਿੱਜੀਕਰਨ ਵਿਰੁੱਧ ਕੌਮੀ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਵਿਚ ਦੇਸ਼ ਭਰ ਦੇ ਐਨ.ਪੀ.ਐਸ. ਮੁਲਾਜ਼ਮ ਭਾਗ ਲੈਣਗੇ।