ਚਰਾਣ 'ਚ ਫੌਜੀ ਦੀ ਮਾਂ ਦੇ ਕਤਲ ਦਾ ਦੋਸ਼ੀ ਗ੍ਰਿਫਤਾਰ

ਨਵਾਂਸ਼ਹਿਰ, 1 ਅਗਸਤ (ਜਸਬੀਰ ਸਿੰਘ ਨੂਰਪੁਰ/ਹਰਮਿੰਦਰ ਸਿੰਘ ਪਿੰਟੂ/ਸੰਦੀਪ ਮਝੂਰ)-ਥਾਣਾ ਸਦਰ ਨਵਾਂਸ਼ਹਿਰ ਦੀ ਟੀਮ ਵਲੋਂ ਲੁੱਟ-ਖੋਹ ਦੀ ਨੀਅਤ ਨਾਲ ਪਿੰਡ ਚਰਾਣ ਵਿਚ ਰਾਤ ਸਮੇਂ ਘਰ ਵਿਚ ਦਾਖਲ ਹੋ ਕੇ ਇਕੱਲੀ ਔਰਤ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀ ਨੂੰ ਵਾਰਦਾਤ ਦੇ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰਕੇ ਲੁੱਟ-ਖੋਹ ਦੌਰਾਨ ਕੀਤੇ ਕਤਲ ਦੀ ਗੁੱਥੀ ਸੁਲਝਾਈ ਹੈ। ਨਵਾਂਸ਼ਹਿਰ ਵਿਖੇ ਰਾਜਕੁਮਾਰ ਡੀ.ਐਸ.ਪੀ. ਨਵਾਂਸ਼ਹਿਰ ਨੇ ਦੱਸਿਆ ਕਿ ਸਬ-ਇੰਸਪੈਕਟਰ ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ ਸਦਰ ਨਵਾਂਸ਼ਹਿਰ ਵਲੋਂ ਟੀਮ ਬਣਾ ਕੇ ਕਥਿਤ ਦੋਸ਼ੀ ਨੂੰ ਕੁਝ ਘੰਟਿਆਂ ਵਿਚ ਹੀ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਜਦੋਂ ਆਸ਼ਾ ਰਾਣੀ (55 ਸਾਲ) ਪਤਨੀ ਮਨਜੀਤ ਸਿੰਘ ਵਾਸੀ ਪਿੰਡ ਚਰਾਣ ਜੋ ਕਿ ਇਕੱਲੀ ਸੁੱਤੀ ਪਈ ਸੀ ਤਾਂ ਪਿੰਡ ਦਾ ਹੀ ਇਕ ਵਸਨੀਕ ਮੱਖਣ ਰਾਮ ਪੁੱਤਰ ਪਿਆਰਾ ਲਾਲ ਵਾਸੀ ਚਰਾਣ ਨੇ ਲੁੱਟ-ਖੋਹ ਦੀ ਨੀਅਤ ਨਾਲ ਉਸਦੇ ਘਰ ਵਿਚ ਲੁਕਵੇਂ ਤਰੀਕੇ ਨਾਲ ਐਂਟਰੀ ਕੀਤੀ ਅਤੇ ਜਦੋਂ ਉਹ ਘਰ ਵਿਚ ਫਰੋਲਾ-ਫਰਾਲੀ ਕਰ ਰਿਹਾ ਸੀ ਤਾਂ ਆਸ਼ਾ ਰਾਣੀ ਦੀ ਜਾਗ ਖੁੱਲ੍ਹ ਗਈ ਤਾਂ ਮੱਖਣ ਰਾਮ ਨੇ ਇਸਦਾ ਗਲਾ ਇਸ ਦੀ ਚੁੰਨੀ ਨਾਲ ਘੁੱਟ ਕੇ ਘਰ ਦੇ ਵਿਹੜੇ ਵਿਚ ਇਸਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
ਵਾਰਦਾਤ ਦੀ ਸੂਚਨਾ ਮਿਲਣ ਉਤੇ ਮੁੱਖ ਅਫਸਰ ਥਾਣਾ ਸਦਰ ਨਵਾਂਸ਼ਹਿਰ ਐਸ.ਆਈ. ਅਸ਼ੋਕ ਕੁਮਾਰ ਤੁਰੰਤ ਮੌਕੇ ਉਤੇ ਪੁੱਜੇ ਅਤੇ ਤਫਤੀਸ਼ ਆਰੰਭ ਕੀਤੀ ਅਤੇ ਚਸ਼ਮਦੀਦ ਆਸ਼ਾ ਰਾਣੀ ਦੀ ਗੁਆਂਢਣ ਬਲਜੀਤ ਕੌਰ ਪੁੱਤਰੀ ਲੇਟ ਧਰਮ ਸਿੰਘ ਵਾਸੀ ਪਿੰਡ ਚਰਾਣ ਥਾਣਾ ਸਦਰ ਨਵਾਂਸ਼ਹਿਰ ਦੇ ਬਿਆਨਾਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਮੁੱਖ ਅਫਸਰ ਵਲੋਂ ਦੋਸ਼ੀ ਮੱਖਣ ਰਾਮ ਨੂੰ ਵਾਰਦਾਤ ਦੇ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਉਸਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਰਿਮਾਂਡ ਦੌਰਾਨ ਦੋਸ਼ੀ ਪਾਸੋਂ ਆਸ਼ਾ ਰਾਣੀ ਦੇ ਕੰਨ ਵਿਚੋਂ ਲਾਹੀ ਵਾਲੀ ਸੋਨਾ, ਵਾਰਦਾਤ ਵਿਚ ਡਰ ਦੇਣ ਲਈ ਵਰਤਿਆ ਦਾਤਰ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਦੱਸਣਯੋਗ ਹੈ ਕਿ ਆਸ਼ਾ ਰਾਣੀ ਘਰ ਵਿਚ ਇਕੱਲੀ ਰਹਿੰਦੀ ਸੀ। ਦੋਸ਼ੀ ਮੱਖਣ ਰਾਮ ਮਹਿਕਮਾ ਨਹਿਰੀ ਵਿਭਾਗ ਵਿਚ ਦਰਜਾ 4 ਦੀ ਨੌਕਰੀ ਕਰਦਾ ਹੈ ਅਤੇ ਇਸ ਖਿਲਾਫ ਪਹਿਲਾਂ ਹੀ ਐਨ.ਡੀ.ਪੀ.ਐਸ. ਐਕਟ ਅਤੇ ਚੋਰੀ ਦੇ 2 ਮੁਕੱਦਮੇ ਦਰਜ ਹਨ।