ਕਿਸਾਨਾਂ ਦੀ ਜ਼ਮੀਨ ਦਾ ਇਕ ਇੰਚ ਵੀ ਨਹੀਂ ਹੋਣ ਦਿੱਤਾ ਜਾਵੇਗਾ ਐਕਵਾਇਰ- ਸੁਖਬੀਰ ਸਿੰਘ ਬਾਦਲ

ਬਠਿੰਡਾ, 4 ਅਗਸਤ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕਿਹਾ ਕਿ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਦੇ ਵਿਸ਼ਾਲ ਧਰਨੇ ਵਿਚ ਪੰਜਾਬੀਆਂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਲੋਟੂ ਟੋਲੇ ਵਲੋਂ ਲਿਆਂਦੀ ਗਈ ਲੈਂਡ ਪੂਲਿੰਗ ਸਕੀਮ ਕਿਸੇ ਵੀ ਕੀਮਤ ’ਤੇ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ। ਇਸ ਲੋਕ ਰੋਹ ਦੇ ਅੱਗੇ ਸਰਕਾਰ ਨੂੰ ਝੁਕਣਾ ਹੀ ਪਵੇਗਾ ਅਤੇ ਇਸ ਕਿਸਾਨ ਮਾਰੂ ਸਕੀਮ ਨੂੰ ਵਾਪਿਸ ਲੈਣਾ ਪਵੇਗਾ।
ਉਨ੍ਹਾਂ ਕਿਹਾ ਕਿ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਮੈਂ ਆਪਣਾ ਵਾਅਦਾ ਮੁੜ ਦੁਹਰਾਉਂਦਾ ਹਾਂ ਕਿ ਕਿਸਾਨਾਂ ਦੀ ਜ਼ਮੀਨ ਦਾ ਇਕ ਇੰਚ ਵੀ ਧੱਕੇ ਨਾਲ ਐਕਵਾਇਰ ਨਹੀਂ ਹੋਣ ਦੇਵਾਂਗਾ, ਇਸ ਲਈ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ, ਪਿਛੇ ਨਹੀਂ ਹਟਾਂਗਾ। ਉਨ੍ਹਾਂ ਇਸ ਧਰਨੇ ਵਿਚ ਬਠਿੰਡਾ, ਮਾਨਸਾ ਅਤੇ ਲੰਬੀ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਅੱਜ ਦੇ ਇਸ ਧਰਨੇ ਦੀ ਕਾਮਯਾਬੀ ਲਈ ਯੂਥ ਅਕਾਲੀ ਦਲ ਅਤੇ ਐਸ. ਓ. ਆਈ. ਦੇ ਸੈਂਕੜੇ ਨੌਜਵਾਨ ਸਾਥੀਆਂ, ਜਿਨ੍ਹਾਂ ਨੂੰ ਹੱਥਾਂ ਵਿਚ ਕੇਸਰੀ ਝੰਡੇ ਲੈ ਕੇ ਜੈਕਾਰੇ ਗਜਾਉਂਦਿਆਂ ਸੜਕਾਂ ਤੋਂ ਪੰਡਾਲ ਵਿਚ ਆਉਂਦੇ ਮੈਂ ਆਪ ਵੇਖਿਆ, ਨੂੰ ਉਚੇਚੇ ਤੌਰ ’ਤੇ ਸ਼ਾਬਾਸ਼ ਅਤੇ ਵਧਾਈ ਵੀ ਦਿੰਦਾ ਹਾਂ।