ਹਾਦਸੇ 'ਚ ਜ਼ਖਮੀ ਹੋਈ ਮਹਿਲਾ ਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ

ਰਾਮਾਂ ਮੰਡੀ, 6 ਅਗਸਤ (ਤਰਸੇਮ ਸਿੰਗਲਾ)-ਅੱਜ ਸਵੇਰੇ ਸਥਾਨਕ ਰਾਮਾਂ-ਤਲਵੰਡੀ ਸਾਬੋ ਰੋਡ 'ਤੇ ਸਥਿਤ ਹਨੂੰਮਾਨ ਮੰਦਿਰ ਨੇੜੇ ਇਕ ਐਕਟਿਵਾ ਸਕੂਟਰੀ ਅਤੇ ਮੋਟਰਸਾਈਕਲ ਦੀ ਆਪਸ ਵਿਚ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ 'ਚ ਜ਼ਖ਼ਮੀ ਐਕਟਿਵਾ ਸਵਾਰ ਮਹਿਲਾ ਕਰਮਜੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਲਾਲੇਆਣਾ ਅਤੇ ਮੋਟਰਸਾਈਕਲ ਸਵਾਰ ਹਰਚੇਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਜੱਜਲ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਜ਼ਖ਼ਮੀ ਹਾਲਤ ਵਿਚ ਦੋਵਾਂ ਨੂੰ ਇਲਾਜ ਲਈ ਸਹਾਰਾ ਐਂਬੂਲੈਂਸ ਰਾਮਾਂ ਦੇ ਚਾਲਕ ਬੂਟਾ ਸਿੰਘ ਵਲੋਂ ਤਲਵੰਡੀ ਸਾਬੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੋਵਾਂ ਦੀ ਬੇਵਕਤੀ ਮੌਤ ਉਤੇ ਸਾਬਕਾ ਸਰਪੰਚ ਜਗਦੇਵ ਸਿੰਘ ਜੱਜਲ ਸਮੇਤ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸਮਾਚਾਰ ਲਿਖੇ ਜਾਣ ਤੱਕ ਰਾਮਾਂ ਮੰਡੀ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾ ਕਰਮਜੀਤ ਕੌਰ ਆਪਣੇ ਪਿੱਛੇ ਆਪਣਾ ਪਤੀ ਅਤੇ ਤਿੰਨ ਬੱਚੇ, ਦੋ ਲੜਕੀਆਂ ਇਕ ਲੜਕਾ ਛੱਡ ਗਈ ਹੈ। ਮ੍ਰਿਤਕ ਹਰਚੇਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਇਕ ਲੜਕਾ ਛੱਡ ਗਿਆ ਹੈ।