ਮੁੱਖ ਮੰਤਰੀ ਦੇ ਹੁਕਮਾਂ ’ਤੇ ਕਣਕ ਦੇ ਖਰਾਬੇ ਦੀ ਜਾਂਚ ਵਿਚ ਸ਼ਾਮਿਲ ਹੋਣ ਦਫ਼ਤਰ ਆਏ ਕਿਸਾਨ ਆਗੂਆਂ ਨੂੰ ਮਿਲਿਆ ਜਿੰਦਰਾ

ਫ਼ਾਜ਼ਿਲਕਾ, 7 ਅਗਸਤ (ਦਵਿੰਦਰ ਪਾਲ ਸਿੰਘ, ਬਲਜੀਤ ਸਿੰਘ)- ਬੀਤੀ ਹਾੜੀ ਦੇ ਸੀਜਨ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ’ਚ ਬਰਸਾਤ ਨਾਲ ਖ਼ਰਾਬ ਹੋਈ ਕਣਕ ਦੀਆਂ ਭਰੀਆਂ ਬੋਰੀਆਂ ਅਤੇ ਕਣਕ ਦੇ ਢੇਰ ਪਾਣੀ ਵਿਚ ਭਿੱਜ ਜਾਣ ਕਾਰਨ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਸੀ, ਜਿਸ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸ਼ੁਰੂ ਕੀਤੇ ਸੰਘਰਸ਼ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਭੇਜ ਕੇ ਸਾਰੇ ਮਾਮਲੇ ਦੀ ਜਾਂਚ ਦੀ ਗੁਹਾਰ ਲਗਾਈ ਸੀ। ਜਿਸ ’ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਪੰਜਾਬ ਵਲੋਂ ਦਫ਼ਤਰ ਪੰਜਾਬ ਮੰਡੀ ਬੋਰਡ ਮੋਹਾਲੀ ਰਾਹੀਂ ਫ਼ਾਜ਼ਿਲਕਾ ਦੇ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਇਸ ਮਸਲੇ ਦੀ ਪੜਤਾਲ ਕਰਨ ਲਈ ਹੁਕਮ ਜਾਰੀ ਹੋਏ ਸਨ।
ਇਸ ਦੇ ਤਹਿਤ ਜ਼ਿਲ੍ਹਾ ਮੰਡੀ ਅਫ਼ਸਰ ਫ਼ਾਜ਼ਿਲਕਾ ਵਲੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਬੂਟਾ ਸਿੰਘ ਚਿਮਨੇਵਾਲਾ ਨੂੰ ਮਿਤੀ 7 ਅਗਸਤ ਦੁਪਹਿਰ 12 ਵਜੇ ਉਕਤ ਪੜਤਾਲ ਵਿਚ ਹਾਜ਼ਰ ਹੋਣ ਲਈ ਆਪਣੇ ਦਫ਼ਤਰ ਬੁਲਾਇਆ ਗਿਆ ਸੀ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਅਤੇ ਪ੍ਰੈਸ ਸਕੱਤਰ ਬੂਟਾ ਸਿੰਘ ਚਿਮਨੇਵਾਲਾ ਨੇ ਦੱਸਿਆ ਕਿ ਉਹ ਜਦੋਂ ਉਕਤ ਪੱਤਰ ’ਚ ਦਰਜ ਸਮੇਂ ਮੁਤਾਬਿਕ ਦਫ਼ਤਰ ਪੁੱਜੇ ਤਾਂ ਉਥੇ ਜ਼ਿਲ੍ਹਾ ਮੰਡੀ ਅਫ਼ਸਰ ਦੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕੁਝ ਸਮੇਂ ਤੱਕ ਇੰਤਜ਼ਾਰ ਕੀਤਾ ਗਿਆ ਪਰ ਕਿਸੇ ਵਲੋਂ ਦਫ਼ਤਰ ਦਾ ਤਾਲਾ ਨਹੀਂ ਖੋਲ੍ਹਿਆ ਗਿਆ ਅਤੇ ਨਾ ਹੀ ਉਥੇ ਕਿਸੇ ਅਫ਼ਸਰ ਵਲੋਂ ਉਨ੍ਹਾਂ ਨੂੰ ਇਸ ਪੜਤਾਲ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਪੰਜਾਬ ਮੁੱਖ ਮੰਤਰੀ ਦਫ਼ਤਰ ’ਚ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਵਲੋਂ ਉਕਤ ਪੂਰੇ ਮਾਮਲੇ ਵਿਚ ਅਫ਼ਸਰਾਂ ਦੀ ਮਿਲੀਭੁਗਤ ਦੇ ਦੋਸ਼ ਲਗਾਏ ਗਏ। ਖ਼ਬਰ ਲਿਖੇ ਜਾਣ ਤੱਕ ਜ਼ਿਲ੍ਹਾ ਮੰਡੀ ਅਫ਼ਸਰ ਦੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਇਸ ਸੰਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਸੁਲੋਦ ਬਿਸ਼ਨੋਈ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੂੰ ਤਾਲਾ ਨਹੀਂ ਲੱਗਿਆ ਹੋਇਆ ਅਤੇ ਉਹ ਕਿਸੇ ਮੀਟਿੰਗ ਵਿਚ ਹਨ।