JALANDHAR WEATHER

15 ਦਿਨਾਂ 'ਚ ਐਮ.ਸੀ. ਮਾਰਕੀਟ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮੈਂ ਗਾਂਧੀ ਚੌਕ 'ਚ ਭੁੱਖ-ਹੜਤਾਲ 'ਤੇ ਬੈਠਾਂਗਾ - ਅਸ਼ਵਨੀ ਸ਼ਰਮਾ

ਪਠਾਨਕੋਟ, 7 ਅਗਸਤ (ਸੰਧੂ)-ਐਮ.ਸੀ. ਮਾਰਕੀਟ ਵਿਚ ਪਾਣੀ ਭਰਨ ਦੀ ਸਮੱਸਿਆ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਥੋੜ੍ਹੀ ਜਿਹੀ ਬਾਰਿਸ਼ ਨਾਲ ਵੀ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ। ਦੁਕਾਨਾਂ ਅੰਦਰ ਪਾਣੀ ਵੜ ਜਾਂਦਾ ਹੈ, ਜਿਸ ਨਾਲ ਦੁਕਾਨਦਾਰਾਂ ਨੂੰ ਲੱਖਾਂ ਦਾ ਨੁਕਸਾਨ ਹੁੰਦਾ ਹੈ। ਐਮ.ਸੀ. ਮਾਰਕੀਟ ਦੇ ਦੁਕਾਨਦਾਰਾਂ ਨੇ ਇਹ ਮਾਮਲਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਾਹਮਣੇ ਰੱਖਿਆ। ਮੌਕੇ 'ਤੇ ਦੁਕਾਨਦਾਰਾਂ ਨੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ।

ਇਕ ਦੁਕਾਨਦਾਰ ਨੇ ਕਿਹਾ ਕਿ ਜਦੋਂ ਤੁਸੀਂ ਪਹਿਲਾਂ ਵਿਧਾਇਕ ਸੀ ਤਾਂ ਤੁਸੀਂ ਮਾਰਕੀਟ ਲਈ ਬਹੁਤ ਕੰਮ ਕੀਤਾ ਸੀ। ਸੜਕਾਂ ਅਤੇ ਡਰੇਨੇਜ਼ ਸਿਸਟਮ ਦੀ ਮੁਰੰਮਤ ਵੀ ਬਿਹਤਰ ਸੀ ਪਰ ਤੁਹਾਡੇ ਜਾਣ ਤੋਂ ਬਾਅਦ ਇਥੇ ਕੁਝ ਨਹੀਂ ਹੋਇਆ। ਸਾਡੀ ਸਮੱਸਿਆ ਉਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪਾਣੀ ਭਰਨ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਂਦਾ ਹੈ ਅਤੇ ਗਾਹਕਾਂ ਨੂੰ ਆਉਣ-ਜਾਣ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਹੋਰ ਦੁਕਾਨਦਾਰ ਨੇ ਕਿਹਾ ਕਿ ਹੁਣ ਤੁਸੀਂ ਸਿਰਫ਼ ਵਿਧਾਇਕ ਹੀ ਨਹੀਂ ਸਗੋਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਵੀ ਹੋ, ਕਿਰਪਾ ਕਰਕੇ ਦੁਕਾਨਦਾਰਾਂ ਨੂੰ ਜਲਦੀ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਓ।

ਵਿਧਾਇਕ ਅਸ਼ਵਨੀ ਸ਼ਰਮਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖ਼ਤ ਲਹਿਜ਼ੇ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਨਿਗਮ ਅਧਿਕਾਰੀਆਂ ਨੂੰ 15 ਦਿਨਾਂ ਦਾ ਸਮਾਂ ਦੇ ਰਹੇ ਹਨ। ਇਸ ਸਮੇਂ ਅੰਦਰ, ਐਮ.ਸੀ. ਮਾਰਕੀਟ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਦਾ ਸਥਾਈ ਹੱਲ ਲੱਭਿਆ ਜਾਣਾ ਚਾਹੀਦਾ ਹੈ। ਜੇਕਰ ਨਿਗਮ ਅਧਿਕਾਰੀ ਅਜਿਹਾ ਨਹੀਂ ਕਰਦੇ ਤਾਂ ਉਹ ਗਾਂਧੀ ਚੌਕ 'ਤੇ ਭੁੱਖ ਹੜਤਾਲ 'ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਕੰਮ ਸਿਰਫ਼ ਟੈਕਸ ਇਕੱਠਾ ਕਰਨਾ ਹੀ ਨਹੀਂ ਹੈ, ਸਗੋਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਇਸ ਮਾੜੀ ਹਾਲਤ ਲਈ ਨਿਗਮ ਦੀ ਲਾਪਰਵਾਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਵਿਧਾਇਕ ਸ਼ਰਮਾ ਦੇ ਇਸ ਰਵੱਈਏ ਤੋਂ ਸਪੱਸ਼ਟ ਹੈ ਕਿ ਉਹ ਹੁਣ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕਰਨਗੇ ਅਤੇ ਜਨਤਾ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ