ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਭ੍ਰਿਸ਼ਟਾਚਾਰ ਰੋਕਣ ਲਈ ਸੀ.ਐਮ. ਤੋਂ ਅਧਿਆਪਕ ਬਦਲੀ ਨੀਤੀ ਪਾਰਦਰਸ਼ਤਾ ਨਾਲ ਲਾਗੂ ਕਰਵਾਉਣ ਦੀ ਮੰਗ
ਸੰਗਰੂਰ, 7 ਅਗਸਤ (ਧੀਰਜ ਪਸ਼ੋਰੀਆ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਕ੍ਰਿਸ਼ਨ ਸਿੰਘ ਦੁੱਗਾਂ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਬੰਗਾ ਅਤੇ ਅਮਨਬੀਰ ਸਿੰਘ ਗੁਰਾਇਆ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਲੰਬੇ ਸੰਘਰਸ਼ ਨਾਲ ਹੋਂਦ ਵਿਚ ਆਈ ਅਧਿਆਪਕ ਬਦਲੀ ਨੀਤੀ ਨੂੰ ਸਿੱਖਿਆ ਵਿਭਾਗ ਹੀ ਤੋੜ-ਮਰੋੜ ਕੇ ਲਾਗੂ ਕਰ ਰਿਹਾ ਹੈ। ਪੀ.ਟੀ.ਆਈ. ਅਧਿਆਪਕਾਂ ਦੀਆਂ ਭਰੀਆਂ ਪੋਸਟਾਂ ਨੂੰ ਖਾਲੀ ਦਰਸਾਇਆ ਜਾ ਰਿਹਾ ਹੈ ਅਤੇ ਸੀ.ਐਚ.ਟੀ. ਦੀ ਪੋਸਟ ਨੂੰ ਐਚ.ਟੀ. ਦੀ ਪੋਸਟ ਦਰਸਾਇਆ ਜਾ ਰਿਹਾ ਹੈ।
ਇਸ ਨਾਲ ਜਿਥੇ ਵਿਭਾਗ ਅਧਿਆਪਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਿਹਾ ਹੈ, ਉਥੇ ਹੀ ਅਧਿਆਪਕ ਬਦਲੀ ਨੀਤੀ ਦੀ ਪਾਰਦਰਸ਼ਤਾ ਨੂੰ ਵੀ ਖਤਮ ਕਰ ਰਿਹਾ ਹੈ, ਜਿਸ ਨਾਲ ਅਧਿਆਪਕ ਬਦਲੀ ਨੀਤੀ ਨੂੰ ਗੈਰ ਪ੍ਰਸੰਗਕ ਬਣਾ ਕੇ ਅਧਿਆਪਕਾਂ ਨੂੰ ਬਦਲੀਆਂ ਲਈ ਪਹਿਲਾਂ ਵਾਂਗ ਰਾਜਨੀਤਿਕ ਲੋਕਾਂ ਦੀ ਸ਼ਰਨ ਵਿਚ ਭੇਜਣ ਅਤੇ ਵੱਡਾ ਭ੍ਰਿਸ਼ਟਾਚਾਰ ਕਰਨ ਦੀ ਸ਼ਾਤਿਰਾਨਾ ਚਾਲ ਚੱਲੀ ਜਾ ਰਹੀ ਹੈ, ਜਿਸ ਦੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਨੇ ਸਖਤ ਵਿਰੋਧਤਾ ਕਰਦਿਆਂ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਅਧਿਆਪਕ ਬਦਲੀ ਨੀਤੀ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕਰਨ ਲਈ ਬਦਲੀਆਂ ਲਈ ਅਧਿਆਪਕਾਂ ਦੀ ਮੈਰਿਟ ਅੰਕ ਸੂਚੀ ਜਾਰੀ ਕਰਨ ਅਤੇ ਸਕੂਲਾਂ ਵਿਚ ਖਾਲੀ ਪਈਆਂ ਸਾਰੀਆਂ ਹੀ ਪੋਸਟਾਂ ਨੂੰ ਸਟੇਸ਼ਨ ਚੋਣ ਲਈ ਦਰਸਾਉਣ ਦੀ ਮੰਗ ਕੀਤੀ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਅਧਿਆਪਕ ਤਬਾਦਲਾ ਨੀਤੀ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਅਤੇ ਬਦਲੀਆਂ ਵਿਚ ਵੱਡੇ ਭ੍ਰਿਸ਼ਟਾਚਾਰ ਲਈ ਖੋਲ੍ਹੇ ਜਾ ਰਹੇ ਦਰਵਾਜ਼ੇ ਨੂੰ ਰੋਕਣ ਦੀ ਮੰਗ ਕੀਤੀ।