ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਰੋਸ ਪ੍ਰਦਰਸ਼ਨ

ਕਪੂਰਥਲਾ, 7 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਰੋਸ ਵਿਖਾਵਾ ਕੀਤਾ ਗਿਆ। ਇਸ ਤੋਂ ਪਹਿਲਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਵਿਜੇ ਕੁਮਾਰ ਭਵਾਨੀਪੁਰ ਤੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਜੋਸਨ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਨੀਤੀ ਕਿਸਾਨਾਂ ਨਾਲ ਵੱਡਾ ਧੋਖਾ ਹੈ, ਇਸ ਲਈ ਸਰਕਾਰ ਇਸ ਸਕੀਮ ਨੂੰ ਤੁਰੰਤ ਰੱਦ ਕਰੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਲੈਂਡ ਪੂਲਿੰਗ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਨਾਲ ਕਿਸਾਨ ਨਾ ਤਾਂ ਇਸ ਜ਼ਮੀਨ 'ਤੇ ਕਰਜ਼ਾ ਲੈ ਸਕਣਗੇ ਤੇ ਨਾ ਹੀ ਇਸਨੂੰ ਰੱਖ ਸਕਣਗੇ ਤੇ ਨਾ ਵੇਚ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦਾ ਕਿਸਾਨਾਂ ਨੂੰ ਸੀ.ਐਲ.ਯੂ. ਨਹੀਂ ਮਿਲੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਖੇਤਰਾਂ ਵਿਚ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਨ੍ਹਾਂ ਖੇਤਰਾਂ ਦੇ ਗ੍ਰਾਮ ਪੰਚਾਇਤ ਤੇ ਕਿਸਾਨਾਂ ਨੇ ਇਸ ਨੀਤੀ ਨੂੰ ਰੱਦ ਕਰਨ ਲਈ ਮਤੇ ਪਾ ਕੇ ਸਰਕਾਰ ਨੂੰ ਭੇਜੇ ਹਨ। ਰੋਸ ਪ੍ਰਦਰਸ਼ਨ ਮੌਕੇ ਹਰਭੇਜ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਕਾਰ ਸਿੰਘ ਨਵਾਂ ਪਿੰਡ, ਇਕਬਾਲ ਸਿੰਘ, ਮਨਜੀਤ ਸਿੰਘ, ਦੀਦਾਰ ਸਿੰਘ, ਸੀਤਾ ਸਿੰਘ, ਕੁਲਦੀਪ ਸਿੰਘ, ਸਰਵਨ ਸਿੰਘ, ਬਲਵਿੰਦਰ ਸਿੰਘ ਭਵਾਨੀਪੁਰ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਦੇਵਾਂਲਾਵਾਲ, ਚਰਨ ਸਿੰਘ, ਬਲਰਾਜ ਕੁਮਾਰ, ਸਾਧੂ ਸਿੰਘ ਸਰਪੰਚ, ਭੁਪਿੰਦਰ ਸਿੰਘ ਸਰਪੰਚ, ਪਰਮਜੀਤ ਸਿੰਘ, ਭਜਨ ਸਿੰਘ, ਬਲਕਾਰ ਸਿੰਘ, ਭੁਪਿੰਦਰ ਸਿੰਘ, ਹਰਜੀਤ ਸਿੰਘ, ਕਰਨਬੀਰ ਸਿੰਘ, ਜਸਬੀਰ ਸਿੰਘ, ਮੰਗਲ ਸਿੰਘ, ਧਿਆਨ ਸਿੰਘ, ਕਰਮਜੀਤ ਸਿੰਘ, ਕਰਮ ਸਿੰਘ ਅਤੇ ਹੋਰ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।