ਪਿੰਡ ਨਮੋਲ ਦੇ ਸਟੇਡੀਅਮ 'ਚ ਭਲਕੇ ਹੋਵੇਗਾ ਸ਼ਹੀਦ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ

ਲੌਂਗੋਵਾਲ, 7 ਅਗਸਤ (ਵਿਨੋਦ ਸ਼ਰਮਾ, ਖੰਨਾ)-ਬੀਤੇ ਦਿਨ ਸਿੱਕਮ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ 55 ਇੰਜੀਨੀਅਰ ਰੈਜੀਮੈਂਟ ਦੇ ਨੌਜਵਾਨ ਅਤੇ ਨੇੜਲੇ ਪਿੰਡ ਮਿਰਜ਼ਾ ਪਾਰਟੀ ਪੱਤੀ ਦੇ ਨਮੋਲ ਦੇ ਜੰਮਪਲ ਲਾਂਸ ਨਾਇਕ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਖੇਡ ਸਟੇਡੀਅਮ ਵਿਖੇ ਭਲਕੇ 8 ਅਗਸਤ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਹੋਵੇਗਾ। ਅੰਤਿਮ ਸੰਸਕਾਰ ਨੂੰ ਲੈ ਕੇ ਮਿਰਜ਼ਾ ਪੱਤੀ ਨਮੋਲ ਅਤੇ ਪਿੰਡ ਨਮੋਲ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਪਿੰਡ ਵਾਸੀਆਂ ਵਲੋਂ ਸਰਪੰਚ ਸੁਖਬੀਰ ਸਿੰਘ ਸੁੱਖੀ ਦੀ ਅਗਵਾਈ ਹੇਠ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪਾਣੀ ਦੇ ਛਿੜਕਾਅ ਕੀਤੇ ਜਾ ਰਹੇ ਹਨ, ਟੈਂਟ ਲਾਏ ਜਾ ਰਹੇ ਹਨ, ਛਾਂ ਅਤੇ ਪਾਣੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਸ਼ਹੀਦ ਦੀ ਮ੍ਰਿਤਕ ਦੇਹ ਸਵੇਰੇ ਪਿੰਡ ਪੁੱਜ ਜਾਵੇਗੀ। ਦੇਸ਼ ਲਈ ਆਪਾ ਵਾਰਨ ਵਾਲੇ ਰਿੰਕੂ ਸਿੰਘ ਦੀ ਸ਼ਹਾਦਤ ਉਤੇ ਸਮੁੱਚੇ ਪਿੰਡ ਵਾਸੀਆਂ ਨੂੰ ਮਾਣ ਹੈ। ਸਾਬਕਾ ਸੈਨਿਕ ਵਿੰਗ ਦੇ ਆਗੂ ਗੁਰਜੰਟ ਸਿੰਘ ਫੌਜੀ ਨੇ ਦੱਸਿਆ ਕਿ ਰਿੰਕੂ ਸਿੰਘ ਦੀ ਸ਼ਹਾਦਤ ਨੇ ਪੂਰੇ ਪਿੰਡ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਭਲਕੇ ਭਾਰਤੀ ਫੌਜ ਦੇ ਆਹਲਾ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ, ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜ ਰਹੇ ਹਨ। ਇਸ ਮੌਕੇ ਸਰਪੰਚ ਬਾਬੂ ਸਿੰਘ, ਗੁਰਜੰਟ ਸਿੰਘ ਮੈਂਬਰ, ਸਾ. ਸਰਪੰਚ ਗੁਰਦਾਸ ਸਿੰਘ, ਦੋਵਾਂ ਪਿੰਡਾਂ ਦੀ ਸਮੂਹ ਪੰਚਾਇਤ, ਸਾਬਕਾ ਸੈਨਿਕ ਵਿੰਗ ਦੇ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।