ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਰੀਖਕ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ

ਕਪੂਰਥਲਾ, 7 ਅਗਸਤ (ਅਮਰਜੀਤ ਕੋਮਲ)-ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਰੀਖਕ ਬਾਲਕ੍ਰਿਸ਼ਨ ਗੋਇਲ ਨੇ ਅੱਜ ਕਪੂਰਥਲਾ ਜ਼ਿਲ੍ਹੇ ਵਿਚ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਕਾਦੂਪੁਰ ਤੇ ਆਂਗਨਵਾੜੀ ਕੇਂਦਰ ਕਾਦੂਪੁਰ ਵਿਚ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਦਿੱਤੇ ਜਾਂਦੇ ਭੋਜਨ ਅਤੇ ਪਿੰਡ ਵਡਾਲਾ ਵਿਚ ਜਨਤਕ ਵੰਡ ਪ੍ਰਣਾਲੀ ਰਾਹੀਂ ਯੋਗ ਲਾਭਪਾਤਰੀਆਂ ਨੂੰ ਦਿੱਤੇ ਜਾਂਦੇ ਰਾਸ਼ਨ ਦਾ ਜਾਇਜ਼ਾ ਲਿਆ। ਉਨ੍ਹਾਂ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆ ਬਾਰੇ ਜਾਣਕਾਰੀ ਹਾਸਲ ਕੀਤੀ।
ਬਾਲਕ੍ਰਿਸ਼ਨ ਗੋਇਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਯੋਗ ਲਾਭਪਾਤਰੀ ਤਹਿਤ ਪੀ.ਡੀ.ਐਫ. ਯੋਜਨਾ ਤਹਿਤ ਬਣਦਾ ਰਾਸ਼ਨ ਮਿਲਣਾ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ। ਬਾਅਦ ਵਿਚ ਉਨ੍ਹਾਂ ਨੇ ਕਪੂਰਥਲਾ ਸ਼ਹਿਰ ਵਿਚਲੇ ਸੁਖਜੀਤ ਆਸ਼ਰਮ ਦਾ ਦੌਰਾ ਕਰਕੇ ਇਸ ਆਸ਼ਰਮ ਵਿਚ ਰਹਿੰਦੇ ਬੱਚਿਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਆਸ਼ਰਮ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਬੱਚਿਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ। ਇਸ ਤੋਂ ਪਹਿਲਾਂ ਨਵਨੀਤ ਕੌਰ ਬੱਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਮਿਸ਼ਨ ਦੇ ਵਿਸ਼ੇਸ਼ ਨਿਰੀਖਕ ਬਾਲਕ੍ਰਿਸ਼ਨ ਗੋਇਲ ਦਾ ਸਵਾਗਤ ਕੀਤਾ ਤੇ ਜ਼ਿਲ੍ਹੇ ਵਿਚ ਜਨਤਕ ਵੰਡ ਪ੍ਰਣਾਲੀ, ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਭੋਜਨ ਤੇ ਸਿੱਖਿਆ ਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਡੀ.ਐਮ. ਕਪੂਰਥਲਾ ਮੇਜਰ ਡਾ. ਇਰਵਿਨ ਕੌਰ, ਡੀ.ਐਸ.ਪੀ. ਸਬ-ਡਵੀਜ਼ਨ ਦੀਪ ਕਰਨ ਸਿੰਘ, ਨੋਡਲ ਅਫ਼ਸਰ-ਕਮ-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਜੀਵ ਢਾਂਡਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।