ਅਗਨੀਵੀਰ ਟੈਸਟ ਪਾਸ ਕਰ ਚੁੱਕੇ ਨੌਜਵਾਨਾਂ ਦੀ ਡਾਕਟਰੀ ਜਾਂਚ ਕਰਕੇ ਟ੍ਰੇਨਿੰਗ ਲਈ ਕੀਤਾ ਫਿੱਟ

ਅਟਾਰੀ, (ਅੰਮ੍ਰਿਤਸਰ), 7 ਅਗਸਤ (ਗੁਰਦੀਪ ਸਿੰਘ ਅਟਾਰੀ)-ਸੀ. ਪਾਈਟ ਕੈਂਪਾਂ ਦੇ ਟਰੇਨਿੰਗ ਅਫਸਰ ਕੈਪਟਨ ਅਜੀਤ ਸਿੰਘ ਆਰਮੀ ਦੇ ਉੱਚ ਅਧਿਕਾਰੀਆਂ ਨਾਲ ਸੀ. ਪਾਈਟ ਕੈਂਪ ਰਣੀਕੇ ਦੀ ਗਰਾਊਂਡ ਵਿਖੇ ਵਿਸ਼ੇਸ਼ ਤੌਰ ਉਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਆਰਮੀ ਦੇ ਡਾਕਟਰਾਂ ਦੀ ਟੀਮ ਵੀ ਮੌਜੂਦ ਸੀ ਜਿਨ੍ਹਾਂ ਵਲੋਂ ਆਰਮੀ ਅਗਨੀਵੀਰ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਸਰੀਰ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸੀ. ਪਾਈਟ ਕੈਂਪ ਰਣੀਕੇ ਵਿਖੇ ਟ੍ਰੇਨਿੰਗ ਲੈਣ ਲਈ ਫਿੱਟ ਕੀਤਾ ਗਿਆ। ਟ੍ਰੇਨਿੰਗ ਅਫਸਰ ਕੈਪਟਨ ਅਜੀਤ ਸਿੰਘ ਵਲੋਂ ਫੌਜ ਵਿਚ ਭਰਤੀ ਹੋਣ ਆਏ ਨੌਜਵਾਨਾਂ ਦੇ ਸਰਟੀਫਿਕੇਟ ਵੀ ਚੈੱਕ ਕੀਤੇ ਗਏ।
ਭਰਤੀ ਹੋਣ ਆਏ ਨੌਜਵਾਨਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਨੌਜਵਾਨ ਵੱਡੀ ਗਿਣਤੀ ਵਿਚ ਮੌਜੂਦ ਸਨ। ਕੈਪਟਨ ਅਜੀਤ ਸਿੰਘ ਨੇ ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਦੇ ਹੋਰ ਨੌਜਵਾਨਾਂ ਨੂੰ ਵੀ ਆਰਮੀ ਅਗਨੀ ਵੀਰ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਕਿਹਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਰਮੀ ਅਗਨੀ ਵੀਰ ਦਾ ਟੈਸਟ ਪਾਸ ਕਰ ਚੁੱਕੇ ਨੌਜਵਾਨ ਸਰੀਰ ਦੀ ਡਾਕਟਰੀ ਜਾਂਚ ਕਰਵਾਉਣ ਅਤੇ ਟ੍ਰੇਨਿੰਗ ਲੈਣ ਲਈ ਸੀ. ਪਾਈਟ ਕੈਂਪ ਰਣੀਕੇ ਜਲਦੀ ਪਹੁੰਚਣ ਤਾਂ ਜੋ ਉਨ੍ਹਾਂ ਨੂੰ ਭਰਤੀ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਅਗਨੀ ਵੀਰ ਵਿਚ ਭਰਤੀ ਹੋਣ ਆਏ ਨੌਜਵਾਨਾਂ ਵਿਚ ਦੇਸ਼ ਦੀ ਸੇਵਾ ਕਰਨ ਲਈ ਜੋਸ਼ ਭਰਿਆ ਅਤੇ ਤਰੱਕੀ ਕਰਨ ਲਈ ਖੇਡਾਂ ਅਤੇ ਹੋਰ ਪੜ੍ਹਾਈ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਗਨੀ ਵੀਰ ਦੇ ਲਿਖਤੀ ਟੈਸਟ ਅਤੇ ਦੌੜ ਸਮੇਂ-ਸਿਰ ਕੱਢਣ ਲਈ ਸਮੇਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਮਾਸਟਰ ਜਸਬੀਰ ਸਿੰਘ ਗਿੱਲ, ਆਰਮੀ ਅਫਸਰ ਸੁਖਦੇਵ ਸਿੰਘ, ਮਾਸਟਰ ਮਨਦੀਪ ਸਿੰਘ, ਫਿਜ਼ੀਕਲ ਟਰੇਨਰ ਸੁਖਪਾਲ ਸਿੰਘ ਅਤੇ ਆਰਮੀ ਦੇ ਅਧਿਕਾਰੀ ਮੌਜੂਦ ਸਨ।