ਵਿਦਿਆਰਥੀ ਜਸ਼ਨਦੀਪ ਸਿੰਘ ਨੇ ਪੰਜਾਬ ਯੂਥ ਬਾਕਸਿੰਗ ਚੈਂਪੀਅਨਸ਼ਿਪ (ਬਿਹਾਰ) 'ਚ ਹਾਸਲ ਕੀਤਾ ਦੂਜਾ ਸਥਾਨ

ਟਾਂਗਰਾ/ਜੰਡਿਆਲਾ ਗੁਰੂ, 7 ਅਗਸਤ (ਹਰਜਿੰਦਰ ਸਿੰਘ ਕਲੇਰ)-ਸੰਤ ਬਾਬਾ ਗੁਰਬਖਸ਼ ਸਿੰਘ ਜੀ ਖਾਲਸਾ ਅਕੈਡਮੀ ਜੱਬੋਵਾਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਬਿਹਾਰ ਵਿਖੇ ਹੋਈ ਪੰਜਾਬ ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ 10 ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਵਿਚ ਪੰਜਾਬ ਯੂਥ ਬਾਕਸਿੰਗ ਟੀਮ ਨੇ ਤਿੰਨ ਗੋਲਡ, ਦੋ ਸਿਲਵਰ ਅਤੇ 10 ਬਰੌਂਜ਼ ਮੈਡਲ ਜਿੱਤ ਕੇ ਪੰਜਾਬ ਲਈ ਦੂਜਾ ਸਥਾਨ ਹਾਸਲ ਕੀਤਾ।
ਅਕੈਡਮੀ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਤੇ ਕੋਚ ਕਰਨਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀ ਦੀ ਇਸ ਕਾਮਯਾਬੀ 'ਤੇ ਉਸ ਦੀ ਹੌਸਲਾ ਅਫ਼ਜ਼ਈ ਕੀਤੀ ਗਈ। ਇਹ ਚੈਂਪੀਅਨਸ਼ਿਪ ਕੋਈ ਆਮ ਮੁਕਾਬਲਾ ਨਹੀਂ ਸੀ। ਇਥੇ ਦੇਸ਼ ਭਰ ਦੀਆਂ 10 ਰਾਜਾਂ ਦੀਆਂ ਟੀਮਾਂ ਆਪਣੇ-ਆਪਣੇ ਸੂਰਮਿਆਂ ਨਾਲ ਮੈਦਾਨ ਵਿਚ ਉਤਰੀਆਂ ਸਨ ਪਰ ਜਸ਼ਨਦੀਪ ਅਤੇ ਉਸਦੇ ਸਾਥੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਜਿਥੇ ਦਿਲੋਂ ਦ੍ਰਿੜ੍ਹ ਨਿਸ਼ਚਾ ਹੋਵੇ, ਉਥੇ ਮੰਜ਼ਿਲ ਦੂਰ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਜਸ਼ਨਦੀਪ ਦੀ ਨਹੀਂ, ਸਾਰੀ ਅਕੈਡਮੀ ਦੀ ਜਿੱਤ ਹੈ। ਇਨ੍ਹਾਂ ਨੌਜਵਾਨਾਂ ਦੀ ਮਹਿਨਤ ਅਤੇ ਦ੍ਰਿੜ੍ਹ ਨਿਸ਼ਚੇ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਨੌਜਵਾਨ ਖੇਡ ਮੈਦਾਨਾਂ 'ਚ ਵੀ ਰੋਸ਼ਨ ਭਵਿੱਖ ਰੱਖਦੇ ਹਨ। ਇਸ ਮੌਕੇ ਭਾਈ ਤੇਜਬੀਰ ਸਿੰਘ ਭਲਾਈਪੁਰ, ਸੁਖਦੇਵ ਸਿੰਘ, ਸੁਖਚੈਨ ਸਿੰਘ, ਬਲਰਾਜ ਸਿੰਘ (ਬਾਜ), ਪ੍ਰਿੰਸੀਪਲ ਸੁਰਿੰਦਰਜੀਤ ਸਿੰਘ, ਗੁਰਪਿੰਦਰ ਸਿੰਘ ਅਤੇ ਵਰਿੰਦਰ ਸਿੰਘ ਭਲਾਈਪੁਰ ਵਲੋਂ ਵਿਦਿਆਰਥੀ ਦੀ ਇਸ ਕਾਮਯਾਬੀ 'ਤੇ ਹੌਸਲਾ ਅਫ਼ਜ਼ਾਈ ਕੀਤੀ ਗਈ।