ਕਿਸ਼ਤਵਾੜ 'ਚ ਬੱਦਲ ਫੱਟਣ ਨਾਲ ਹੁਣ ਤੱਕ 32 ਲਾਸ਼ਾਂ ਬਰਾਮਦ

ਨਵੀਂ ਦਿੱਲੀ, 14 ਅਗਸਤ-ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਚਿਸੋਤੀ ਪਿੰਡ ਵਿਚ ਅਚਾਨਕ ਹੜ੍ਹ ਦੀ ਘਟਨਾ ਤੋਂ ਬਾਅਦ 32 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਕਿਸ਼ਤਵਾੜ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਹਾੜੀ ਪਿੰਡ ਵਿਚ ਵੀਰਵਾਰ ਨੂੰ ਇਕ ਵੱਡਾ ਬੱਦਲ ਫਟਣ ਨਾਲ ਦੋ ਸੀ.ਆਈ.ਐਸ.ਐਫ. ਕਰਮਚਾਰੀਆਂ ਸਮੇਤ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਹੋਰ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 120 ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿਚੋਂ 38 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਚੈਲ ਮਾਤਾ ਮੰਦਿਰ ਨੂੰ ਜਾਂਦੇ ਰਸਤੇ ਵਿਚ ਆਖਰੀ ਮੋਟਰੇਬਲ ਪਿੰਡ ਚੋਸੀਟੀ ਵਿਚ ਇਹ ਹਾਦਸਾ ਦੁਪਹਿਰ 12 ਵਜੇ ਤੋਂ 1 ਵਜੇ ਦੇ ਵਿਚਕਾਰ ਵਾਪਰਿਆ। ਵੱਡੀ ਗਿਣਤੀ ਵਿਚ ਲੋਕ ਸਾਲਾਨਾ ਮਾਚੈਲ ਮਾਤਾ ਯਾਤਰਾ ਲਈ ਉਥੇ ਇਕੱਠੇ ਹੋਏ ਸਨ, ਜੋ ਕਿ 25 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 5 ਸਤੰਬਰ ਨੂੰ ਖਤਮ ਹੋਣ ਵਾਲੀ ਸੀ। 9,500 ਫੁੱਟ ਉੱਚੇ ਮੰਦਿਰ ਲਈ 8.5 ਕਿਲੋਮੀਟਰ ਦਾ ਸਫ਼ਰ ਚੋਸੀਟੀ ਤੋਂ ਸ਼ੁਰੂ ਹੁੰਦਾ ਹੈ। ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਕਿਹਾ ਕਿ ਜਾਨਾਂ ਬਚਾਉਣ ਅਤੇ ਬਚੇ ਲੋਕਾਂ ਦੀ ਮਦਦ ਕਰਨ ਲਈ ਯਤਨ ਜਾਰੀ ਹਨ।