'ਆਪ੍ਰੇਸ਼ਨ ਸੰਧੂਰ' ਦਹਿਸ਼ਤਗਰਦੀ ਖ਼ਿਲਾਫ਼ ਮਨੁੱਖਤਾ ਦੀ ਲੜਾਈ ’ਚ ਇਕ ਮਿਸਾਲ ਵਜੋਂ ਦਰਜ ਰਹੇਗਾ: ਰਾਸ਼ਟਰਪਤੀ ਮੁਰਮੂ

ਨਵੀਂ ਦਿੱਲੀ , 14 ਅਗਸਤ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪਹਿਲਗਾਮ ਵਿਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤੀ ਹਮਲੇ ਖ਼ਿਲਾਫ਼ ਭਾਰਤ ਦੇ ਇਤਿਹਾਸਕ ਫੌਜੀ ਜਵਾਬ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਕਾਰਵਾਈ, ਜਿਸ ਨੂੰ 'ਆਪ੍ਰੇਸ਼ਨ ਸੰਧੂਰ' ਦਾ ਨਾਂਅ ਦਿੱਤਾ ਗਿਆ, ਇਤਿਹਾਸ ਵਿਚ ਦਹਿਸ਼ਤਗਰਦੀ ਖ਼ਿਲਾਫ਼ ਇਨਸਾਨੀਅਤ ਦੀ ਲੜਾਈ ਵਿਚ ਇਕ ਮਿਸਾਲ ਵਜੋਂ ਦਰਜ ਰਹੇਗਾ।
ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ 'ਤੇ ਕੌਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਸ਼ਮੀਰ ਵਿਚ ਛੁੱਟੀਆਂ ਮਨਾਉਣ ਗਏ ਮਾਸੂਮ ਨਾਗਰਿਕਾਂ ਦੀ ਹੱਤਿਆ ਨੂੰ ਕਾਇਰਤਾਪੂਰਨ ਅਤੇ ਪੂਰੀ ਤਰ੍ਹਾਂ ਅਣਮਨੁੱਖੀ ਕਾਰਾ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਫ਼ੈਸਲਾਕੁੰਨ ਢੰਗ ਨਾਲ ਅਤੇ ਦ੍ਰਿੜ੍ਹ ਇਰਾਦੇ ਨਾਲ ਇਸ ਬੁਜ਼ਦਿਲਾਨਾ ਕਾਰਵਾਈ ਦਾ ਜਵਾਬ ਦਿੱਤਾ ਹੈ।