ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਖ਼ਮਿਆਜ਼ਾ ਸਰਪੰਚ ਨੂੰ ਭੁਗਤਨਾ ਪਿਆ ,ਬੰਬੀਹਾ ਗੈਂਗ ਦੇ ਨਾਂਅ 'ਤੇ ਮਿਲ ਰਹੀਆਂ ਧਮਕੀਆਂ

ਚੋਗਾਵਾਂ/ਅੰਮ੍ਰਿਤਸਰ, 14 ਅਗਸਤ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਸਾਰੰਗੜਾ ਦੇ ਮੌਜੂਦਾ ਸਰਪੰਚ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਵਿਚ ਨਸ਼ਾ ਬੰਦ ਕਰਵਾਉਣਾ ਉਸ ਵੇਲੇ ਮਹਿੰਗਾ ਪਿਆ, ਜਦੋਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬੰਬੀਹਾ ਗੈਂਗ ਦੇ ਨਾਂਅ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਇਕ ਆਈਡੀਓ ਵੀ ਸਰਪੰਚ ਦੀ ਫੋਟੋ ਲਗਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਸੰਬੰਧੀ ਅੱਜ ਬਲਾਕ ਚੋਗਾਵਾਂ ਦੇ 30 ਤੋਂ ਉੱਪਰ ਸਰਪੰਚਾਂ/ਪੰਚਾਂ ਤੇ ਪਿੰਡ ਦੇ ਮੋਹਤਬਰਾਂ ਨੇ ਪੁਲਿਸ ਥਾਣਾ ਲੋਪੋਕੇ ਵਿਖੇ ਪਹੁੰਚ ਕੇ ਇਸ ਕੇਸ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਸਰਪੰਚ ਅਵਤਾਰ ਸਿੰਘ ਲਾਲੀ ਨੇ ਕਿਹਾ ਕਿ ਜਦੋਂ ਦੇ ਉਹ ਪਿੰਡ ਦੇ ਸਰਪੰਚ ਬਣੇ ਹਨ। ਉਨ੍ਹਾਂ ਵਲੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ ਸੀ। ਜਿਸ ਦਾ ਖ਼ਮਿਆਜ਼ਾ ਉਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਚੇਅਰਮੈਨ ਦਇਆ ਸਿੰਘ , ਜਥੇਦਾਰ ਦਇਆ ਸਿੰਘ , ਡਾ. ਭਗਵੰਤ ਸਿੰਘ ਹਲਕਾ ਕੋਆਰਡੀਨੇਟਰ ਲਖਵਿੰਦਰ ਸਿੰਘ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਪੰਚਾਂ/ਸਰਪੰਚਾਂ ਨੇ ਮੰਗ ਕੀਤੀ ਕਿ ਉਕਤ ਵਾਇਰਲ ਆਡੀਓ ਦੀ ਜਾਂਚ ਪੜਤਾਲ ਕਰਕੇ ਇਹ ਆਡੀਓ ਬਣਾਉਣ 'ਤੇ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਲੋਪੋਕੇ ਨੇ ਵਿਸ਼ਵਾਸ ਦਵਾਇਆ ਕਿ ਉਕਤ ਆਡੀਓ ਦੀ ਜਾਂਚ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ।