ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਉਣ ਲਈ ਸੈਲਾਨੀ ਅਟਾਰੀ ਸਰਹੱਦ ਤੇ ਪਹੁੰਚਣੇ ਸ਼ੁਰੂ

ਅਟਾਰੀ (ਅੰਮ੍ਰਿਤਸਰ), 15 ਅਗਸਤ (ਗੁਰਦੀਪ ਸਿੰਘ ਅਟਾਰੀ/ ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਇੰਟੀਗਰੇਟਡ ਚੈੱਕ ਪੋਸਟ ਦੇ ਬਾਹਰ ਤੜਕਸਾਰ ਹੀ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਉਣ ਲਈ ਸੈਲਾਨੀ ਪਹੁੰਚਣੇ ਸ਼ੁਰੂ ਹੋ ਗਏ ਹਨ। ਆਈਸੀਪੀ ਦੇ ਮੁੱਖ ਦੁਆਰ ਅਤੇ ਜੇਸੀਪੀ ਨੂੰ ਜਾਣ ਵਾਲੇ ਰਸਤੇ ਉੱਪਰ ਬੀਐਸਐਫ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਅਤੇ ਬਰੀਕੀ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਸੈਲਾਨੀਆਂ ਨੂੰ ਜੇਸੀਪੀ ਦਰਸ਼ਕ ਗੈਲਰੀ ਵੱਲ ਜਾਣ ਦਿੱਤਾ ਜਾ ਰਿਹਾ ਹੈ।
ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਆਪਣੇ ਚਿਹਰਿਆਂ 'ਤੇ ਬਣਵਾ ਕੇ ਖੁਸ਼ੀਆਂ ਮਨਾਉਂਦੇ ਦਿਖਾਈ ਦਿੱਤੇ। ਜਲੰਧਰ ਤੋਂ ਆਏ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਪਹਿਲੀ ਵਾਰ ਅਟਾਰੀ ਸਰਹੱਦ 'ਤੇ ਆਜ਼ਾਦੀ ਦੇ ਜਸ਼ਨ ਮਨਾਉਣ ਆਏ ਹਨ। ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ। ਸੈਲਾਨੀ ਆਪਣੇ ਮੋਬਾਈਲਾਂ ਵਿਚ ਦੇਸ਼ ਭਗਤੀ ਦੇ ਗੀਤ ਲਗਾ ਕੇ ਭੰਗੜੇ ਪਾ ਰਹੇ ਸਨ।