ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਵਿਧਾਇਕ ਕਾਲਾ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ ਹੋਏ ਵਰਕਰ

ਮਹਿਲ ਕਲਾਂ (ਬਰਨਾਲਾ), 17 ਅਗਸਤ (ਅਵਤਾਰ ਸਿੰਘ ਅਣਖੀ) - ਪਿੰਡ ਠੁੱਲੇਵਾਲ (ਬਰਨਾਲਾ) ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਵੱਡੀ ਗਿਣਤੀ 'ਚ ਵਰਕਰਾਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿਲੋਂ ਦੀ ਹੇਠ ਕਾਂਗਰਸ ਚ ਸ਼ਾਮਲ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਅਹਿਦ ਕੀਤਾ। ਇਸ ਮੌਕੇ ਸਰਪੰਚ ਧਰਮ ਸਿੰਘ, ਪੰਚ ਜਸਪਾਲ ਸਿੰਘ ਫ਼ੌਜੀ, ਪਵਨ ਸਿੰਘ, ਰਣਕਾ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਗੱਗੀ ਸਿੰਘ, ਜੱਸੀ ਸਿੰਘ, ਜਗਤਾਰ ਸਿੰਘ ਔਲਖ, ਮੇਜਰ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਕਾਂਗਰਸ ਪਰਿਵਾਰ ਵਿਚ ਸ਼ਾਮਲ ਹੋਏ । ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਾਰੇ ਆਗੂਆਂ, ਵਰਕਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਕਾਂਗਰਸ ਦੇ ਹਰੇਕ ਵਰਕਰ ਦੀ ਮਿਹਨਤ, ਲਗਨ ਦਾ ਨਤੀਜਾ ਹੈ। ਸਾਰੇ ਅਹੁਦੇਦਾਰਾਂ ਦੇ ਟੀਮ ਵਰਕ ਦੀ ਇਹ ਵੱਡੀ ਕਾਮਯਾਬੀ ਹੈ। ਉਨ੍ਹਾਂ ਕਿਹਾ ਕਿ ਲੋਕ ਅਸਲ ਬਦਲਾਅ ਵਜੋਂ ਕਾਂਗਰਸ ਨੂੰ ਸੱਤਾ ਵਿਚ ਦੇਖਣ ਲਈ ਉਤਾਂਵਲੇ ਹਨ। ਸਾਡੇ ਪਰਿਵਾਰ ਦਾ ਹਿੱਸਾ ਬਣੇ ਸਾਰੇ ਸਾਥੀਆਂ ਦਾ ਦਿਲੋਂ ਸਵਾਗਤ ਹੈ। ਪਾਰਟੀ ਵਲੋਂ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।