ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਿਖੇ ਪੱਤਰ

ਸੁਲਤਾਨਪੁਰ ਲੋਧੀ, 17 ਅਗਸਤ (ਥਿੰਦ) - ਰਾਜ ਸਭਾ ਮੈਂਬਰ ‘ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਮੰਡ ਇਲਾਕੇ ਦੇ ਕਿਸਾਨਾਂ ਨਾਲ ਹਰ ਦੂਜੇ ਜਾਂ ਫਿਰ ਤੀਜੇ ਸਾਲ ਅਜਿਹਾ ਭਾਣਾ ਵਾਪਰਦਾ ਹੈ, ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਜਾਂਦੀ ਹੈ ।
ਸੰਤ ਸੀਚੇਵਾਲ ਨੇ ਪੱਤਰ ਰਾਹੀ ਇਹ ਵੀ ਮੰਗ ਕੀਤੀ ਕਿ ਪੀੜਤ ਕਿਸਾਨਾਂ ਵਲੋਂ ਜਿਹੜਾ ਕਰਜ਼ਾ ਬੈਂਕਾਂ ਤੋਂ ਲਿਆ ਗਿਆ ਹੈ। ਉਨ੍ਹਾਂ ਦੀਆਂ ਕਿਸ਼ਤਾਂ ਮੁਲਤਵੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜਦੋਂ ਫ਼ਸਲਾਂ ਹੀ ਬਰਬਾਦ ਹੋ ਗਈਆਂ ਹਨ ਤਾਂ ਕਿਸਾਨ ਵਿਚਾਰੇ ਕਰਜ਼ੇ ਦੀਆਂ ਕਿਸ਼ਤਾਂ ਕਿਵੇਂ ਮੋੜਨਗੇ। ਸੰਤ ਸੀਚੇਵਾਲ ਨੇ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਪੀੜਤ ਕਿਸਾਨਾਂ ਦੇ ਖੇਤਾਂ ਦੀਆਂ ਵਿਸ਼ੇਸ਼ ਗਿਰਦਾਵਰੀਆਂ ਕਰਵਾਈਆਂ ਜਾਣ ਤਾਂ ਜੋ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ।ਸੰਤ ਸੀਚੇਵਾਲ ਨੇ ਅੱਜ ਸਵੇਰੇ 8 ਵਜੇ ਹੀ ਬਾਊਪੁਰ ਜਾ ਕੇ ਬਿਆਸ ਦਰਿਆ ‘ਤੇ ਚੱਲ ਰਹੇ ਰਾਹਤ ਕਾਰਜਾਂ ਦਾ ਜ਼ਾਇਜਾ ਲਿਆ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਅੰਦਰ ਲੱਗੇ ਐਡਵਾਂਸ ਬੰਨ੍ਹਾਂ ਨੂੰ 3 ਥਾਵਾਂ ਕਰਮੂਵਾਲ ਪੱਤਣ, ਬਾਊਪੁਰ ਅਤੇ ਆਹਲੀ ਕਲਾਂ ਤੋਂ ਢਾਹ ਲੱਗ ਰਹੀ ਹੈ।