ਕੰਬਾਈਨ ਮਾਲਕਾਂ ਨੇ ਮੁਸ਼ਕਿਲਾਂ ਤੋਂ ਜ਼ਿਲ੍ਹਾ ਯੂਨੀਅਨ ਪ੍ਰਧਾਨ ਤੇ ਕਿਸਾਨ ਆਗੂ ਨੂੰ ਕਰਵਾਇਆ ਜਾਣੂ
ਅਟਾਰੀ, (ਅੰਮ੍ਰਿਤਸਰ), 23 ਅਗਸਤ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮ੍ਰਿਤਸਰ ਕੰਬਾਈਨ ਮਸ਼ੀਨ ਮਾਲਕਾਂ ਦੀ ਅਟਾਰੀ ਦੇ ਗੁਰਦੁਆਰਾ ਬੀਬਾ ਸਾਹਿਬ ਵਿਖੇ ਮੀਟਿੰਗ ਹੋਈ। ਇਸ ਮੌਕੇ ਕੰਬਾਈਨ ਯੂਨੀਅਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਭੀਲੋਵਾਲ, ਕਿਸਾਨ ਆਗੂ ਨਿਰਮਲ ਸਿੰਘ ਮੋਦੇ ਅਤੇ ਹੋਰ ਅਹੁਦੇਦਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਗੁਰਦੁਆਰਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਕੰਬਾਈਨ ਮਾਲਕਾਂ ਨੇ ਆ ਰਹੀਆਂ ਮੁਸ਼ਕਿਲਾਂ ਤੋਂ ਜ਼ਿਲ੍ਹਾ ਅੰਮ੍ਰਿਤਸਰ ਯੂਨੀਅਨ ਪ੍ਰਧਾਨ ਅਤੇ ਕਿਸਾਨ ਯੂਨੀਅਨ ਆਗੂ ਨੂੰ ਜਾਣੂ ਕਰਵਾਇਆ।
ਇਸ ਮੌਕੇ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਕੰਬਾਈਨ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਹੱਲ ਕਰਨ ਸਬੰਧੀ ਵਿਚਾਰਾਂ ਕੀਤੀਆਂ। ਇਸ ਦੌਰਾਨ ਸਰਬਸੰਮਤੀ ਨਾਲ ਮੇਜਰ ਸਿੰਘ ਬਾਸਰਕੇ ਗਿੱਲਾਂ ਨੂੰ ਅਟਾਰੀ ਬਲਾਕ ਦਾ ਪ੍ਰਧਾਨ ਅਤੇ ਗੁਰਜੀਤ ਸਿੰਘ ਮੋਨੂ ਅਟਾਰੀ ਨੂੰ ਮੀਤ ਪ੍ਰਧਾਨ ਖਜ਼ਾਨਚੀ ਨਿਯੁਕਤ ਕੀਤਾ ਗਿਆ। ਫਤਿਹ ਸਿੰਘ ਕੱਲੇਵਾਲ ਨੂੰ ਜਨਰਲ ਸਕੱਤਰ ਬਣਾਇਆ ਗਿਆ। ਨਿਸ਼ਾਨ ਸਿੰਘ ਘਰਿੰਡਾ ਅਤੇ ਕਰਨਪਾਲ ਸਿੰਘ ਸਰਪੰਚ ਬਾਸਰਕੇ ਗਿੱਲਾਂ ਨੂੰ ਮੈਂਬਰ ਚੁਣਿਆ ਗਿਆ ਹੈ।