ਸਮਰਾਲਾ 'ਚ ਕਿਸਾਨਾਂ ਦੀ ਮਹਾਂਪੰਚਾਇਤ ਕੱਲ੍ਹ, ਭਾਰੀ ਮੀਂਹ ਦੇ ਬਾਵਜੂਦ ਤਿਆਰੀਆਂ ਮੁਕੰਮਲ
.jpg)
.jpg)
ਸਮਰਾਲਾ, 23 ਅਗਸਤ (ਗੋਪਾਲ ਸੋਫਤ)-ਅੱਜ ਹੋਈ ਭਾਰੀ ਬਰਸਾਤ ਦੇ ਬਾਵਜੂਦ ਵੀ ਸੰਯੁਕਤ ਕਿਸਾਨ ਮੋਰਚੇ ਵਲੋਂ ਕੱਲ੍ਹ ਸਮਰਾਲਾ ਦੀ ਅਨਾਜ ਮੰਡੀ ਵਿਚ ਕੀਤੀ ਜਾ ਰਹੀ ਕਿਸਾਨ ਮਹਾਂਪੰਚਾਇਤ ਅਤੇ ਜੇਤੂ ਰੈਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਬੇਸ਼ੱਕ ਅੱਜ ਤੜਕਸਾਰ ਹੋਈ ਬਰਸਾਤ ਕਾਰਨ ਇਸ ਰੈਲੀ ਲਈ ਲੱਗਾ ਟੈਂਟ ਗਿੱਲ੍ਹਾ ਹੋ ਗਿਆ ਅਤੇ ਗਰਾਊਂਡ ਜਲਥਲ ਹੋ ਗਿਆ ਸੀ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਾਫ ਗਰਾਊਂਡ ਅਤੇ ਟੈਂਟ ਨੂੰ ਸੁਕਾ ਕੇ ਫਿਰ ਤੋਂ ਲਾਏ ਜਾਣ ਦੇ ਕੰਮਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।
ਅੱਜ ਰੈਲੀ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੇ ਆਪਸੀ ਮੀਟਿੰਗ ਵੀ ਕੀਤੀ। ਉਧਰ ਰੈਲੀ ਦੇ ਪ੍ਰਬੰਧਾਂ ਅਤੇ ਰੈਲੀ ਵਿਚ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਦੀ ਰੂਪ-ਰੇਖਾ ਉਲੀਕਣ ਲਈ ਸਥਾਨਕ ਉਪ ਕਪਤਾਨ ਅਤੇ ਐਸ.ਐਚ.ਓ. ਸਮਰਾਲਾ ਨੇ ਰੈਲੀ ਵਾਲੇ ਸਥਾਨ ਦਾ ਦੌਰਾ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਇਹ ਕਿਸਾਨ ਪੰਚਾਇਤ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਵਾਪਸ ਲੈਣ ਉਪਰੰਤ ਜੇਤੂ ਰੈਲੀ ਵਜੋਂ ਹੋਵੇਗੀ, ਜਿਸ ਵਿਚ ਪੰਜਾਬ ਭਾਰਤ ਦੇ ਕਿਸਾਨ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰੈਲੀ ਲਈ ਇਕ ਲੱਖ ਵਿਅਕਤੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਰਾਜੇਵਾਲ ਨੇ ਦੱਸਿਆ ਕਿ ਰੈਲੀ ਵਿਚ ਡਾਕਟਰੀ ਸਹਾਇਤਾ ਲਈ ਪ੍ਰਸ਼ਾਸਨ ਵਲੋਂ ਚਾਰ ਐਂਬੂਲੈਂਸਾਂ ਤੇ ਤਿੰਨ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਖੇਤੀ ਤੇ ਡੇਅਰੀ ਲਈ ਕੀਤਾ ਜਾ ਰਿਹਾ ਕਰ ਮੁਕਤ ਵਪਾਰ ਸਮਝੌਤੇ ਦੇ ਵਿਰੋਧ, ਪੰਜਾਬ 'ਚ ਪਾਣੀਆਂ ਦੇ ਮਸਲੇ ਤੇ ਕਿਸਾਨਾਂ ਦੇ ਬਕਾਇਆ ਖੜ੍ਹੇ ਅਰਬਾਂ ਰੁਪਏ ਦੀ ਅਦਾਇਗੀ ਕਰਵਾਉਣ ਸਮੇਤ ਸਹਿਕਾਰੀ ਵਿਭਾਗ ਵਿਚ ਘਪਲਿਆਂ ਆਦਿ ਕਿਸਾਨਾਂ ਨਾਲ ਸਬੰਧਿਤ ਮੰਗਾਂ ਮੰਨਵਾਉਣ ਲਈ ਆਰੰਭ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਦਾ ਐਕਸ਼ਨ ਪਲਾਨ ਐਲਾਨ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ, ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।