ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਸਬੰਧੀ ਪ੍ਰੀਖਿਆ ਕਰਵਾਈ

ਜੈਤੋ, 23 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵਲੋਂ ਹਰ ਸਾਲ ਦੀ ਤਰ੍ਹਾਂ ਸਾਰੇ ਜ਼ੋਨ ਵਿਚ ਸਕੂਲੀ ਬੱਚਿਆਂ ਦੀ ਨੈਤਿਕ ਸਿੱਖਿਆ ਸਬੰਧੀ ਪ੍ਰੀਖਿਆ ਲਈ ਗਈ। ਇਸ ਪ੍ਰੀਖਿਆ ਦੇ ਜ਼ੋਨਲ ਕੋਆਰਡੀਨੇਟਰ ਰਣਜੀਤ ਸਿੰਘ ਬੁਰਜ ਜਵਾਹਰ ਸਿੰਘ ਵਾਲਾ ਨੇ ਦੱਸਿਆ ਕਿ 515 ਸਕੂਲਾਂ ਦੇ ਲਗਭਗ 37500 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿਚ ਭਾਗ ਲਿਆ। ਇਹ ਪ੍ਰੀਖਿਆ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਉਨ੍ਹਾਂ ਦੀ ਜੀਵਨੀ ਵਿਚੋਂ ਲਈ ਗਈ।
ਇਸ ਪ੍ਰੀਖਿਆ ਵਿਚ ਪਹਿਲਾ ਦਰਜਾ (ਪਹਿਲੀ ਤੋਂ ਪੰਜਵੀਂ ਕਲਾਸ) 9930, ਦੂਜਾ ਦਰਜਾ (ਛੇਵੀਂ ਤੋਂ ਅੱਠਵੀਂ) 14510 ਅਤੇ ਤੀਜਾ ਦਰਜਾ (ਨੌਵੀਂ ਤੋਂ ਬਾਰ੍ਹਵੀਂ ਕਲਾਸ) ਅਨੁਸਾਰ 13060 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੀਖਿਆ ਦਾ ਮਕਸਦ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨਾ ਹੈ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਜ਼ੋਨ ਦੇ ਹਰੇਕ ਖੇਤਰ ਵਿਚ ਨਕਦ ਇਨਾਮ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੀਖਿਆ ਲਈ ਜ਼ੋਨਲ ਸਰਪ੍ਰਸਤ ਬਲਵੰਤ ਸਿੰਘ, ਸਕੱਤਰ ਗੁਰਚਰਨ ਸਿੰਘ, ਡਾਕਟਰ ਅਵੀਨਿੰਦਰਪਾਲ ਸਿੰਘ, ਜਗਮੋਹਨ ਸਿੰਘ ਖੇਤਰ ਕੋਟਕਪੂਰਾ, ਕੁਲਦੀਪ ਸਿੰਘ ਫਰੀਦਕੋਟ, ਕੁਲਵਿੰਦਰ ਸਿੰਘ ਜੈਤੋ, ਬਲਜੀਤ ਸਿੰਘ ਬਰਗਾੜੀ, ਗੁਰਜਿੰਦਰ ਸਿੰਘ ਬਠਿੰਡਾ, ਅਮਨਪ੍ਰੀਤ ਸਿੰਘ ਗਿੱਦੜਬਾਹਾ, ਸ਼ਮਸ਼ੇਰ ਸਿੰਘ ਤਲਵੰਡੀ ਸਾਬੋ, ਡਾ: ਰਣਜੀਤ ਸਿੰਘ ਬਾਘਾ ਪੁਰਾਣਾ, ਨਿਰਭੈ ਸਿੰਘ ਭਗਤਾ ਅਤੇ ਰਮਨਦੀਪ ਸਿੰਘ ਖੇਤਰ ਸ੍ਰੀ ਮੁਕਤਸਰ ਸਾਹਿਬ ਦਾ ਵਿਸ਼ੇਸ਼ ਸਹਿਯੋਗ ਰਿਹਾ। ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਨੇ ਪ੍ਰੀਖਿਆ ਵਿਚ ਸਹਿਯੋਗ ਕਰਨ ਵਾਲੇ ਸਾਰੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ।