ਸਰਪੰਚ ਬਲਪ੍ਰੀਤ ਸ਼ਾਮਗੜ੍ਹ ਮਾਛੀਵਾੜਾ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ

ਮਾਛੀਵਾੜਾ ਸਾਹਿਬ, 23 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਟਰੱਕ ਯੂਨੀਅਨ ਵਿਚ ਅੱਜ ਤਣਾਅਪੂਰਨ ਸਥਿਤੀ ਵਿਚ ਸਰਪੰਚ ਬਲਪ੍ਰੀਤ ਸਿੰਘ ਸ਼ਾਮਗੜ੍ਹ ਨੂੰ ਪ੍ਰਧਾਨ ਚੁਣ ਲਿਆ ਗਿਆ। ਜ਼ਿਕਰਯੋਗ ਹੈ ਕਿ ਮਾਛੀਵਾੜਾ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਜਗਰੂਪ ਸਿੰਘ ਰੂਪਾ ਖੀਰਨੀਆਂ ਦੇ ਦਿਹਾਂਤ ਤੋਂ ਬਾਅਦ ਪ੍ਰਧਾਨਗੀ ਦਾ ਅਹੁਦਾ ਖਾਲੀ ਪਿਆ ਸੀ, ਜਿਸ ਸਬੰਧੀ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਕਰੀਬੀ ਸਾਥੀ ਬਲਪ੍ਰੀਤ ਸਿੰਘ ਸ਼ਾਮਗੜ੍ਹ ਨੂੰ ਨਵਾਂ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਹੀ ਇਕ ਧੜੇ ਨੇ ਵਿਰੋਧ ਪ੍ਰਗਟ ਕਰਦਿਆਂ ਦਫ਼ਤਰ ਨੂੰ ਤਾਲਾ ਜੜ੍ਹ ਦਿੱਤਾ, ਜਿਸ ਕਾਰਨ ਸਥਿਤੀ ਤਣਾਅ ਵਾਲੀ ਸੀ। ਕਰੀਬ ਡੇਢ ਘੰਟੇ ਤੋਂ ਬਾਅਦ ਟਰੱਕ ਯੂਨੀਅਨ ਦੇ ਦਫ਼ਤਰ ਦਾ ਤਾਲਾ ਤੋੜ ਕੇ ਜਾਂ ਖੋਲ੍ਹ ਕੇ ਬਲਪ੍ਰੀਤ ਸਿੰਘ ਸ਼ਾਮਗੜ੍ਹ ਦੇ ਗਲ ਵਿਚ ਹਾਰ ਪਾ ਕੇ ਯੂਨੀਅਨ ਦਾ ਪ੍ਰਧਾਨ ਬਣਾ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਚੇਅਰਮੈਨ ਸੋਹਣ ਲਾਲ ਸ਼ੇਰਪੁਰੀ, ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਚੇਅਰਮੈਨ ਮੇਜਰ ਸਿੰਘ ਬਾਲਿਓਂ, ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਪ੍ਰਦੀਪ ਕੁਮਾਰ, ਜਸਵੀਰ ਸਿੰਘ ਭੱਟੀਆਂ (ਸਾਰੇ ਕੌਂਸਲਰ), ਆੜ੍ਹਤੀ ਜਗਨ ਨਾਥ, ਪੀ.ਏ. ਨਵਜੀਤ ਸਿੰਘ ਉਟਾਲਾਂ, ਬਲਜਿੰਦਰ ਸਿੰਘ ਮੱਕੜ, ਪ੍ਰਵੀਨ ਮੱਕੜ, ਗੁਰਿੰਦਰ ਸਿੰਘ ਨੂਰਪੁਰ, ਮੁਨਸ਼ੀ ਅਵਤਾਰ ਸਿੰਘ ਅਤੇ ਟਰੱਕ ਮਾਲਕ ਹਾਜ਼ਰ ਸਨ।