JALANDHAR WEATHER

ਮੰਡ ਖਿਜਰਪੁਰ ਦੇ ਸਾਹਮਣੇ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਰੋਸ ਵਜੋਂ ਕਿਸਾਨਾਂ ਵਲੋਂ ਧਰਨਾ

ਕਪੂਰਥਲਾ/ਤਲਵੰਡੀ ਚੌਧਰੀਆਂ, 27 ਅਗਸਤ (ਅਮਰਜੀਤ ਕੋਮਲ, ਪਰਸਨ ਲਾਲ ਭੋਲਾ)-ਜ਼ਿਲ੍ਹੇ ਦੇ ਪਿੰਡ ਮੰਡ ਖਿਜਰਪੁਰ ਦੇ ਸਾਹਮਣੇ ਦਰਿਆ ਬਿਆਸ ਦੇ ਐਡਵਾਂਸ ਤੇ ਧੁੱਸੀ ਬੰਨ੍ਹ 'ਤੇ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸ ਵੇਅ ਦੇ ਬਣਾਏ ਜਾ ਰਹੇ ਪੁਲ ਦੇ ਨੇੜੇ ਬੀਤੇ ਕੁਝ ਦਿਨਾਂ ਤੋਂ ਕੁਝ ਵਿਅਕਤੀਆਂ ਵਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹੇ ਦੇ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੀ ਅਗਵਾਈ ਵਿਚ ਦੋਵਾਂ ਜਥੇਬੰਦੀਆਂ ਦੇ ਵਰਕਰਾਂ ਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਤੇ ਆਮ ਲੋਕਾਂ ਨੇ ਸਵੇਰੇ 9 ਵਜੇ ਤੋਂ ਲੈ ਕੇ ਲਗਭਗ 3 ਵਜੇ ਤੱਕ ਪੁਲ ਨੇੜੇ ਧਰਨਾ ਦਿੱਤਾ।

ਰੋਹ ਵਿਚ ਆਏ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਸ਼ੇਰ ਸਿੰਘ ਮਹੀਂਵਾਲ, ਧਰਮਿੰਦਰ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਇਕ ਪਾਸੇ ਮੰਡ ਖੇਤਰ ਦੇ ਲੋਕ ਹੜ੍ਹ ਦੀ ਮਾਰ ਕਾਰਨ ਬਹੁਤ ਹੀ ਮਾੜੇ ਹਾਲਾਤ ਵਿਚੋਂ ਗੁਜ਼ਰ ਰਹੇ ਹਨ ਤੇ ਦੂਜੇ ਪਾਸੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਮੰਡ ਖਿਜਰਪੁਰ ਦੇ ਸਾਹਮਣੇ ਐਡਵਾਂਸ ਧੁੱਸੀ ਬੰਨ੍ਹ ਨੇੜਿਓਂ ਰਾਤ ਨੂੰ ਨਾਜਾਇਜ਼ ਮਾਈਨਿੰਗ ਕਰਕੇ ਵੱਡੇ-ਵੱਡੇ ਖੱਡੇ ਪਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿੰਡ ਬਾਜਾ ਤੋਂ ਲੈ ਕੇ ਖਿਜਰਪੁਰ ਤੱਕ ਇਲਾਕੇ ਦੇ ਲੋਕਾਂ ਵਲੋਂ ਬਣਾਏ ਗਏ ਆਰਜੀ ਬੰਨ੍ਹ ਜਿਸ ਨੂੰ ਦਰਿਆ ਬਿਆਸ ਦਾ ਪਾਣੀ ਲੱਗ ਚੁੱਕਾ ਹੈ ਤੇ ਪਾਣੀ ਦੇ ਪੱਧਰ ਵਧਣ ਕਾਰਨ ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਐਡਵਾਂਸ ਧੁੱਸੀ ਬੰਨ੍ਹ ਲਈ ਖ਼ਤਰਾ ਪੈਦਾ ਹੋ ਸਕਦਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਕਥਿਤ ਸ਼ਹਿ ਤੋਂ ਬਿਨ੍ਹਾਂ ਨਹੀਂ ਹੋ ਸਕਦੀ। ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਖੱਡੇ ਨਾ ਪੂਰੇ ਗਏ ਤਾਂ ਉਹ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਧਰਨੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵੰਡੀ ਚੌਧਰੀਆਂ ਦੇ ਐਸ.ਐਚ.ਓ. ਇੰਸਪੈਕਟਰ ਅਨਿਲ ਕੁਮਾਰ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕਰਕੇ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਖੱਡੇ ਪੂਰ ਕਰਵਾ ਦੇਣਗੇ ਪਰ ਕਿਸਾਨਾਂ ਨੇ ਕਿਹਾ ਕਿ ਇਹ ਕੰਮ ਤੁਰੰਤ ਕਰਵਾਇਆ ਜਾਵੇ। ਐਸ.ਐਚ.ਓ. ਨੇ ਮੌਕੇ 'ਤੇ ਜੇ.ਸੀ.ਬੀ. ਮੰਗਵਾ ਕੇ ਖੱਡੇ ਪੂਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ, ਜਿਸ ਪਿੱਛੋਂ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਧਰਨੇ ਵਿਚ ਕਿਸਾਨ ਆਗੂ ਭਜਨ ਸਿੰਘ, ਸਾਬਕਾ ਸਰਪੰਚ ਫੌਜਾ ਸਿੰਘ, ਅਮਰਜੀਤ ਸਿੰਘ, ਪ੍ਰਗਟ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ ਤਲਵੰਡੀ ਚੌਧਰੀਆਂ, ਜਗਤਾਰ ਸਿੰਘ, ਸੁਖਰਾਜ ਸਿੰਘ, ਸੋਨਾ ਸਿੰਘ, ਮੇਜਰ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ ਤੁੜ, ਸੁਖਜੀਤ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ ਸਾਬਕਾ ਮੈਂਬਰ, ਗੱਜਣ ਸਿੰਘ, ਅਨੋਖ ਸਿੰਘ, ਚਮਨ ਸਿੰਘ, ਪਲਵਿੰਦਰ ਸਿੰਘ ਬਿੱਲੂ, ਵਰਿਆਮ ਸਿੰਘ ਤੋਂ ਇਲਾਵਾ ਹੋਰ ਕਿਸਾਨ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ