ਡੇਮਰੂ ਤੋਂ ਭਲੂਰ ਲਿੰਕ ਸੜਕ ਦੇ ਦੋਵੇਂ ਆਰਜੀ ਪੁਲ ਬਾਰਿਸ਼ ਦੇ ਪਾਣੀ ਨਾਲ ਰੁੜ੍ਹੇ

ਨੱਥੂਵਾਲਾ ਗਰਬੀ, 27 ਅਗਸਤ (ਨਵਦੀਪ ਸਿੰਘ)-ਪਿੰਡ ਡੇਮਰੂ ਤੋਂ ਭਲੂਰ ਤੱਕ ਬਣੀ ਹੋਈ ਲਿੰਕ ਸੜਕ ਜੋ ਕਿ ਲੰਗੇਆਣਾ ਡਰੇਨ ਨੂੰ ਦੋ ਥਾਵਾਂ ਤੋਂ ਕਰਾਸ ਕਰਦੀ ਹੈ। ਇਨ੍ਹਾਂ ਦੋਵਾਂ ਥਾਵਾਂ ਉਤੇ ਵਿਭਾਗ ਵਲੋਂ ਕੱਚੇ ਤੌਰ ਉਤੇ ਪੁੱਲੀਆਂ ਦੱਬ ਕੇ ਆਰਜੀ ਪੁੱਲ ਬਣਾਏ ਹੋਏ ਸਨ ਜੋ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਦੋਵੇਂ ਪੁਲ ਵੀ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਚੁੱਕੇ ਹਨ, ਜਿਸ ਨਾਲ ਦੋਵਾਂ ਪਿੰਡਾਂ ਭਲੂਰ ਤੋਂ ਡੇਮਰੂ ਦਾ ਆਪਣਾ ਸੰਪਰਕ ਰਸਤਾ ਟੁੱਟ ਗਿਆ ਹੈ।
ਇਸ ਮੌਕੇ ‘ਤੇ ਇਕੱਠੇ ਹੋਏ ਕਿਸਾਨਾਂ ਸੁਰਜੀਤ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਲਖਵੀਰ ਸਿੰਘ, ਜਗਤਾਰ ਸਿੰਘ, ਬਲਵੰਤ ਸਿੰਘ ਨੇ 'ਅਜੀਤ' ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਸ ਰਸਤੇ ਉਤੇ ਪੱਕਾ ਪੁੱਲ ਬਣਾਉਣ ਦੀ ਮੰਗ ਕਿਸੇ ਵੀ ਸਰਕਾਰ ਨੇ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਗ ਉਸ ਦਿਨ ਤੋਂ ਹੀ ਹੈ, ਜਿਸ ਦਿਨ ਤੋਂ ਇਹ ਡਰੇਨ ਬਣਾਈ ਗਈ ਸੀ। ਬਹੁਤ ਸਾਲ ਤਾਂ ਇਹ ਰਸਤੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਹਨ, ਉਨ੍ਹਾ ਨੇ ਆਪਣੇ ਤੌਰ ਉਤੇ ਪੁਲੀਆਂ ਦੱਬ ਕੇ ਰਸਤਾ ਬਣਾਇਆ ਹੋਇਆ ਸੀ ਪਰ ਜਦੋਂ ਸੜਕ ਬਣੀ ਤਾਂ ਉਨ੍ਹਾਂ ਨੂੰ ਪੁੱਲ ਬਣਨ ਦੀ ਆਸ ਜਾਗੀ ਸੀ ਪਰ ਉਸ ਸਮੇਂ ਵੀ ਸੜਕ ਬਣਾਉਣ ਵਾਲੇ ਠੇਕੇਦਾਰ ਨੇ ਪੁੱਲ ਨਹੀਂ ਬਣਾਇਆ ਅਤੇ ਪਹਿਲਾਂ ਦੀ ਤਰ੍ਹਾਂ ਪੁਲੀਆਂ ਦੱਬ ਕੇ ਕੱਚਾ ਆਰਜੀ ਰਸਤਾ ਹੀ ਚਾਲੂ ਕੀਤਾ ਸੀ ਜੋ ਕਿ ਹੁਣ ਟੁੱਟ ਚੁੱਕਾ ਹੈ।
ਕਿਸਾਨਾਂ ਨੇ ਦੱਸਿਆ ਕਿ ਜਦੋਂ ਵੀ ਬਾਰਿਸ਼ਾਂ ਹੁੰਦੀਆਂ ਹਨ, ਇਹ ਰਸਤਾ ਬੰਦ ਹੋ ਜਾਂਦਾ ਹੈ, ਇਸ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਰਸਤਾ ਬੰਦ ਹੋਣ ਨਾਲ ਕਿਸਾਨ ਲੋਕ ਆਪਣੇ ਖੇਤ ਵੀ ਨਹੀਂ ਜਾ ਸਕਦੇ ਅਤੇ ਨਾ ਹੀ ਆਪਣੇ ਪਸ਼ੂਆਂ ਵਾਸਤੇ ਹਰਾ ਚਾਰਾ ਲਿਆ ਸਕਦੇ ਹਨ। ਇਸ ਸਮੇਂ ਹਾਜ਼ਰ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਰਸਤੇ ਲੰਗੇਆਣਾ ਡਰੇਨ ਉਤੇ ਦੋਵੇਂ ਥਾਵਾਂ ਉਤੇ ਪੁੱਲ ਬਣਾ ਕੇ ਉਨ੍ਹਾਂ ਦੀ ਸਮੱਸਿਆ ਦਾ ਪੱਕੇ ਤੌਰ ਉਤੇ ਹੱਲ ਕੀਤਾ ਜਾਵੇ।