ਜੰਮੂ-ਕਸ਼ਮੀਰ ਦੇ ਰਾਮਬਨ 'ਚ ਫੱਟਿਆ ਬੱਦਲ, 3 ਲੋਕਾਂ ਦੀ ਮੌਤ

ਜੰਮੂ-ਕਸ਼ਮੀਰ, 30 ਅਗਸਤ-ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਵਿਚ ਬੱਦਲ ਫਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਬਚਾਅ ਕਾਰਜ ਜਾਰੀ ਹਨ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕੀਤਾ ਕਿ ਹੁਣੇ ਰਾਮਬਨ ਦੇ ਡੀ.ਸੀ. ਮੁਹੰਮਦ ਅਲਿਆਸ ਖਾਨ ਨਾਲ ਗੱਲ ਕੀਤੀ। ਰਾਜਗੜ੍ਹ ਇਲਾਕੇ ਵਿਚ ਬੱਦਲ ਫਟਣ ਕਾਰਨ ਵਿਅਕਤੀਆਂ ਦੀ ਬਦਕਿਸਮਤੀ ਨਾਲ ਮੌਤ ਹੋ ਗਈ। ਪੰਜਵਾਂ ਵਿਅਕਤੀ ਲਾਪਤਾ ਹੈ ਅਤੇ ਭਾਲ ਜਾਰੀ ਹੈ। ਇਸ ਦੌਰਾਨ, ਕੋਈ ਜ਼ਖਮੀ ਨਹੀਂ ਹੋਇਆ ਹੈ। ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੈਂ ਲਗਾਤਾਰ ਸੰਪਰਕ ਵਿਚ ਹਾਂ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂਕਿ ਕੁਝ ਲੋਕ ਅਜੇ ਵੀ ਲਾਪਤਾ ਹਨ। ਇਸ ਅਚਾਨਕ ਬੱਦਲ ਫਟਣ ਦੀ ਘਟਨਾ ਨੇ ਖੇਤਰ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਦਿੱਤੀ ਹੈ ਅਤੇ ਕਈ ਘਰਾਂ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ ਅਤੇ ਲਾਪਤਾ ਲੋਕਾਂ ਨੂੰ ਲੱਭਣ ਲਈ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ।