ਬਿਆਸ ਦਰਿਆ ਦੀ ਮਾਰ, ਪਿੰਡ ਮਰੜ ਲਈ ਬਣਿਆ ਵੱਡਾ ਖ਼ਤਰਾ


ਹਰੀਕੇ ਪੱਤਣ, (ਤਰਨਤਾਰਨ), 30 ਅਗਸਤ (ਸੰਜੀਵ ਕੁੰਦਰਾ)- ਹੜ੍ਹਾਂ ਨੇ ਕਈ ਸੂਬਿਆਂ ਵਿਚ ਕਹਿਰ ਕੀਤਾ ਹੋਇਆ ਹੈ । ਪੰਜਾਬ ਵਿਚ ਵੀ ਨਦੀਆਂ ਅਤੇ ਦਰਿਆ ਉਫਾਨ ਤੇ ਚੱਲ ਰਹੇ ਹਨ। ਬਿਆਸ ਦਰਿਆ ਦੀ ਮਾਰ ਕਾਰਨ ਅਨੇਕਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਅਤੇ ਘਰ ਪਾਣੀ ਦੀ ਭੇਂਟ ਚੜ੍ਹ ਚੁੱਕੇ ਹਨ ਪਰ ਅਜੇ ਵੀ ਪਾਣੀ ਦੀ ਮਾਰ ਜਾਰੀ ਹੈ। ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਦੇ ਕਿਨਾਰੇ ਸਥਿਤ ਪਿੰਡ ਮਰੜ ਲਈ ਵੀ ਬਿਆਸ ਦਰਿਆ ਨੇ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਬੀਤੀ ਰਾਤ ਤੋਂ ਪਾਣੀ ਦੀ ਢਾਹ ਕਾਰਨ ਪਿੰਡ ਦੀ ਕਾਫ਼ੀ ਜ਼ਮੀਨ ਦਰਿਆ ਦਾ ਪਾਣੀ ਵਹਾਅ ਕੇ ਲੈ ਗਿਆ ਹੈ ਤੇ ਇਸ ਕਾਰਨ ਪਿੰਡ ਵਾਸੀ ਖ਼ੌਫ਼ ਵਿਚ ਹਨ, ਕਿਉਂਕਿ ਬਿਆਸ ਦਰਿਆ ਦੀ ਢਾਹ ਘਰਾਂ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਹੈ।