JALANDHAR WEATHER

ਹੜ੍ਹਾਂ ਕਾਰਨ ਮੰਡ ਖੇਤਰਾਂ ਵਿਚ ਸਥਿਤੀ ਅਜੇ ਵੀ ਗੰਭੀਰ

ਕਪੂਰਥਲਾ, 30 ਅਗਸਤ (ਅਮਰਜੀਤ ਕੋਮਲ)- ਪਹਾੜੀ ਖ਼ੇਤਰਾਂ ਵਿਚ ਹੋ ਰਹੀ ਜ਼ੋਰਦਾਰ ਬਾਰਿਸ਼, ਚੱਕੀ ਦਰਿਆ ਤੇ ਪੌਂਗ ਡੈਮ ਵਿਚੋਂ ਨਿਰੰਤਰ ਦਰਿਆ ਬਿਆਸ ਵਿਚ ਪਾਣੀ ਛੱਡੇ ਜਾਣ ਕਾਰਨ ਜ਼ਿਲ੍ਹੇ ਦੀਆਂ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਸਬ ਡਵੀਜ਼ਨਾਂ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਹੜ੍ਹ ਕਾਰਨ ਆਪਣੇ ਘਰ ਛੱਡ ਕੇ ਲੋਕ ਧੁੱਸੀ ਬੰਨ੍ਹ ’ਤੇ ਤੰਬੂ ਲਗਾ ਕੇ ਬੈਠੇ ਹਨ। ਲੋਕਾਂ ਨੂੰ ਪਾਣੀ ਵਿਚ ਘਿਰੇ ਆਪਣੇ ਘਰਾਂ ਦੀ ਚਿੰਤਾ ਸਤਾ ਰਹੀ ਹੈ। ਬੀਤੀ ਰਾਤ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਭਾਵੇਂ ਘੱਟ ਹੋ ਗਿਆ ਸੀ ਪਰ ਅੱਜ ਸਵੇਰ ਤੋਂ ਹੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਦੁਪਹਿਰ ਬਾਅਦ ਤੱਕ ਦਰਿਆ ਬਿਆਸ ਵਿਚੋਂ 2 ਲੱਖ 17 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਨਿਰੰਤਰ ਵਹਿ ਰਿਹਾ ਹੈ।

ਕਪੂਰਥਲਾ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ ਤੇ ਕੰਮੇਵਾਲ ਤੇ ਹੋਰ ਨੇੜਲੇ ਲੋਕਾਂ ਦੀ ਸਹਾਇਤਾ ਲਈ ਅੰਮ੍ਰਿਤਸਰ ਤੋਂ 270 ਇੰਜੀਨੀਅਰ ਰੈਜੀਮੈਂਟ ਦੇ ਸੂਬੇਦਾਰ ਪਿਆਰੇ ਲਾਲ ਦੀ ਅਗਵਾਈ ਵਿਚ 11 ਫ਼ੌਜ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਹੈ ਤੇ ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰ ਦੇ ਮੋਹਤਬਰ ਵਿਅਕਤੀਆਂ ਨੂੰ ਆਪਣੇ ਮੋਬਾਈਲ ਨੰਬਰ ਦਿੱਤੇ ਹਨ ਕਿ ਜੇਕਰ ਮੰਡ ਖੇਤਰ ਦੇ ਕਿਸੇ ਵੀ ਪਿੰਡ ਜਾਂ ਡੇਰੇ ਵਿਚੋਂ ਕਿਸੇ ਵਿਅਕਤੀ ਨੂੰ ਬਾਹਰ ਕੱਢਣਾ ਹੋਵੇ ਤਾਂ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਪਿੰਡ ਬਾਘੂਵਾਲ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਪਿੰਡ ਵਾਸੀ ਆਪਣੇ ਪਰਿਵਾਰਾਂ ਸਮੇਤ ਧੁੱਸੀ ਬੰਨ ’ਤੇ ਬੈਠੇ ਹਨ ਤੇ ਲੋਕਾਂ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਹੀ ਮੁਸਲਿਮ ਭਾਈਚਾਰੇ ਵਲੋਂ ਜਮੀਅਤ ਉਲਮਾ ਹਿੰਦ ਕਪੂਰਥਲਾ ਦੇ ਪ੍ਰਧਾਨ ਮੌਲਾਨਾ ਅਮਾਨੁੱਲਾ ਤੇ ਕਪੂਰਥਲਾ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ, ਮਨਸੂਰ ਅਲੀ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਖੇਤਰ ਇਲਾਕੇ ਦਾ ਦੌਰਾ ਕਰਨ ਪੁੱਜੇ। ਇਸ ਮੌਕੇ ਮੌਲਾਨਾ ਅਮਾਨੁੱਲਾ ਨੇ ਦੱਸਿਆ ਕਿ ਉਹ ਜਮੀਅਤ ਉਲਮਾ ਹਿੰਦ ਦੇ ਪੰਜਾਬ ਪ੍ਰਧਾਨ ਤੇ ਚੇਅਰਮੈਨ ਹੱਜ ਕਮੇਟੀ ਮੁਫ਼ਤੀ ਖਲੀਲ ਕਾਸਮੀ ਦੀਆਂ ਹਦਾਇਤਾਂ ’ਤੇ ਹੜ੍ਹ ਪ੍ਰਭਾਵਿਤ ਖੇਤਰ ਕੰਮੇਵਾਲ, ਬਾਘੂਵਾਲ ਆਦਿ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਪ੍ਰਭਾਵਿਤ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ