ਬੜੂ ਸਾਹਿਬ ਟਰੱਸਟ ਵਲੋਂ ਸੂਬੇ ਦੇ ਸਰਹੱਦੀ ਇਲਾਕਿਆਂ 'ਚ ਹੜ੍ਹ ਪੀੜਤਾਂ ਦੀ ਮਦਦ ਲਗਾਤਾਰ ਜਾਰੀ

ਧਰਮਗੜ੍ਹ (ਸੰਗਰੂਰ), 30 ਅਗਸਤ (ਗੁਰਜੀਤ ਸਿੰਘ ਚਹਿਲ) - ਕਲਗੀਧਰ ਟਰਸਟ ਬੜੂ ਸਾਹਿਬ ਵਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਹੜ੍ਹ ਪਰਿਵਾਰਾਂ ਦੀ ਸਹਾਇਤਾ ਲਈ ਰਾਹਤ ਕਾਰਜ ਲਗਾਤਾਰ ਜਾਰੀ ਹਨ, ਜਿਸ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ, ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਕਾਵਾਂ ਵਾਲੀ ਪੱਤਣ ਵਿਚ "ਹੜ੍ਹ ਪੀੜਤ ਰਾਹਤ ਕੈਂਪ" ਲਗਾਇਆ ਗਿਆ।
ਇਸ ਕੈਂਪ ਰਾਹੀਂ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਚ ਹੜ ਦੀ ਸਥਿਤੀ ਬੜਾ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਬੜੂ ਸਾਹਿਬ ਦੀ ਟੀਮ ਸਥਾਨਕ ਲੋਕਾਂ ਦੀਆਂ ਜਰੂਰਤਾਂ ਪੂਰੀਆ ਕਰਨ ਵਿਚ ਲੱਗੀ ਹੋਈ ਹੈ, ਜੋ ਲੰਗਰ ਦੇ ਨਾਲ ਨਾਲ ਹੋਰ ਵੀ ਜਰੂਰਤਾਂ ਨੂੰ ਪੂਰੀਆ ਕਰਨ ਲਈ ਸੰਭਵ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਅਤੇ ਉਪ-ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਵਲੋਂ ਭਰੋਸਾ ਦਿਵਾਇਆ ਗਿਆ ਕਿ ਜਿਹੜੇ ਖੇਤਰਾਂ 'ਚ ਪਾਣੀ ਭਰ ਜਾਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਟਰੱਸਟ ਵਲੋਂ ਰਾਹਤ ਕਿੱਟਾਂ ਪੀੜਤ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਹੜ੍ਹ-ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ।