JALANDHAR WEATHER

ਵਰ੍ਹਦੇ ਮੀਹ ਵਿਚ ਖ਼ੁਦ ਟਰੈਕਟਰ ਚਲਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਪਹੁੰਚੇ ਵਿਧਾਇਕ ਜਗਦੀਪ ਕੰਬੋਜ ਗੋਲਡੀ

ਮੰਡੀ ਲਾਧੂਕਾ (ਜਲਾਲਾਬਾਦ), 30 ਅਗਸਤ (ਮਨਪ੍ਰੀਤ ਸਿੰਘ ਸੈਣੀ) - ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਰ੍ਹਦੇ ਮੀਹ ਵਿਚ ਹਲਕੇ ਦੇ ਪਿੰਡ ਆਤੂਵਾਲਾ ਤੇ ਢਾਣੀ ਬਚਨ ਸਿੰਘ ਖ਼ੁਦ ਟਰੈਕਟਰ ਚਲਾ ਕੇ ਪਹੁੰਚੇ। ਇਸ ਉਪਰੰਤ ਉਹ ਜ਼ਿਆਦਾ ਪਾਣੀ ਵਾਲੇ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕਰਨ ਲਈ ਕਿਸ਼ਤੀ 'ਤੇ ਸਵਾਰ ਹੋਏ ਤੇ ਰਾਹਤ ਸਮੱਗਰੀ ਵੀ ਨਾਲ ਲੈ ਕੇ ਪਹੁੰਚੇ। ਉਨ੍ਹਾਂ ਜਿਥੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਹਾਲ ਚਾਲ ਜਾਣਿਆ ਉਥੇ ਹੀ ਲੋਕਾਂ ਨੂੰ ਰਾਸ਼ਨ ਤੇ ਪਸ਼ੂ ਫ਼ੀਡ ਵੀ ਵੰਡੀ।
ਭਰੇ ਹੋਏ ਪਾਣੀ ਵਿਚ ਉਤਰ ਕੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਜਿਥੇ ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡੀ ਹਰ ਮੁਸ਼ਕਲ ਦੀ ਘੜੀ ਵਿਚ ਤੁਹਾਡੇ ਨਾਲ ਹਾਂ। ਇਹ ਮੇਰਾ ਹਲਕਾ ਹੀ ਨਹੀਂ ਸਗੋਂ ਮੇਰਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਦੀ ਹਰ ਮਦਦ ਕਰਨ ਲਈ ਤਿਆਰ ਬਰ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੀ ਹੜ੍ਹ ਪ੍ਰਭਾਵਿਤ ਪਿੰਡਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਵਲੋਂ ਸਮੁੱਚੇ ਪ੍ਰਸ਼ਾਸਨ ਤੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਉਹ ਇਸ ਮੁਸ਼ਕਲ ਦੀ ਘੜੀ ਵਿਚ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਕਰਕੇ ਵਾਪਰੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਹਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਜਾਂ ਕਿਸੇ ਵੀ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੇ ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਉਹ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ