ਡਿਪਟੀ ਕਮਿਸ਼ਨਰ ਵਲੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਾਲ ਪਿੰਡ ਆਲੋਵਾਲ ਦਾ ਦੌਰਾ

ਜਲੰਧਰ, 2 ਸਤੰਬਰ (ਚੰਦੀਪ ਭੱਲਾ)- ਲਗਾਤਾਰ ਦੋ ਦਿਨ ਤੋਂ ਪੈ ਰਹੇ ਮੀਂਹ ਤੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਾਲ ਪਿੰਡ ਆਲੋਵਾਲ ਦਾ ਦੌਰਾ ਕੀਤਾ ਗਿਆ।
ਪਿੰਡ ਵਿਚ ਪਾਣੀ ਜਮ੍ਹਾ ਹੋਣ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਪਾਣੀ ਦੀ ਨਿਕਾਸੀ ਲਈ ਜ਼ਰੂਰੀ ਮਸ਼ੀਨਰੀ ਤੁਰੰਤ ਲਗਾਉਣ ਦੀਆਂ ਹਦਾਇਤਾਂ ਕੀਤੀਆਂ।
ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਇਥੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਹਾਲਾਤ ਤੋਂ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਹਰ ਹਾਲਾਤ ’ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਪਹਿਲਾਂ ਹੀ ਫੀਲਡ ਵਿਚ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਤੋਂ ਬਚਾਅ ਸਮੇਤ ਰਾਹਤ ਕਾਰਜਾਂ ਲਈ ਪੁਖ਼ਤਾ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ 54 ਰਾਹਤ ਕੈਂਪ ਸਥਾਪਤ ਕਰਨ ਤੋਂ ਇਲਾਵਾ ਲੋੜੀਂਦੀ ਮਸ਼ੀਨਰੀ, ਰਾਸ਼ਨ, ਦਵਾਈਆਂ ਸਮੇਤ ਜ਼ਰੂਰੀ ਇੰਤਜ਼ਾਮ ਕੀਤੇ ਗਏ ਹਨ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਫੀਲਡ ਵਿਚ ਤਾਇਨਾਤ ਅਧਿਕਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਲੋਕਾਂ ਨੂੰ ਹਰ ਸੰਭਵ ਸਹਿਯੋਗ ਤੇ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਅਤੇ ਐਨ.ਐਚ.ਏ.ਆਈ. ਦੇ ਅਧਿਕਾਰੀ ਵੀ ਮੌਜੂਦ ਸਨ।