ਦਰਿਆ ਬਿਆਸ 'ਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ - ਡੀ.ਸੀ. ਅਮਿਤ ਕੁਮਾਰ ਪੰਚਾਲ

ਕਪੂਰਥਲਾ, 6 ਸਤੰਬਰ (ਅਮਰਜੀਤ ਕੋਮਲ)-ਦਰਿਆ ਬਿਆਸ ਵਿਚ ਭਾਵੇਂ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ ਹੈ ਪਰ ਅਜੇ ਵੀ 1 ਲੱਖ 72 ਹਜ਼ਾਰ ਕਿਊਸਿਕ ਪਾਣੀ ਨਿਰੰਤਰ ਵਹਿ ਰਿਹਾ ਹੈ ਤੇ ਦਰਿਆ ਬਿਆਸ ਦੇ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਇਹ ਗੱਲ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਹੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ ਤੇ ਐਸ.ਟੀ.ਆਰ.ਐਫ. ਤੇ ਪ੍ਰਸ਼ਾਸਨ ਨਾਲ ਸਬੰਧਿਤ ਟੀਮਾਂ ਵਲੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਹੜ੍ਹ ਵਾਲੇ ਖੇਤਰਾਂ ਵਿਚੋਂ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਗਿਆ ਹੈ ਤੇ ਜਿਹੜੇ ਲੋਕ ਅਜੇ ਵੀ ਆਪਣੇ ਘਰਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਲਗਾਤਾਰ ਰਾਸ਼ਨ, ਸਿਹਤ ਸੇਵਾਵਾਂ ਤੇ ਪਸ਼ੂਧਨ ਲਈ ਲੋੜੀਂਦੀਆਂ ਦਵਾਈਆਂ ਘਰ-ਘਰ ਜਾ ਕੇ ਪਹੁੰਚਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੂਰ-ਦੁਰਾਡੇ ਦੇ ਖੇਤਰਾਂ ਤੋਂ ਰਾਹਤ ਸਮੱਗਰੀ, ਪਸ਼ੂਆਂ ਲਈ ਚਾਰਾ ਤੇ ਹੋਰ ਸਾਮਾਨ ਲੈ ਕੇ ਆ ਰਹੀ ਸੰਗਤ ਦੀ ਸ਼ਲਾਘਾ ਕਰਦਿਆਂ ਇਸ ਔਖੀ ਘੜੀ ਲੋੜਵੰਦਾਂ ਦੀ ਸੇਵਾ ਵਿਚ ਜੁਟੀਆਂ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਦਾਨੀ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਊਪੁਰ ਪੁਲ ਦੇ ਰਸਤੇ ਵਿਚ ਐਮਰਜੈਂਸੀ, ਮੈਡੀਕਲ ਸੇਵਾਵਾਂ ਤੇ ਰੈਪਿਡ ਰਿਸਪਾਂਸ ਦੀਆਂ ਟੀਮਾਂ ਲਈ ਨਿਰਵਿਘਨ ਰਸਤਾ ਖੁੱਲ੍ਹੇ ਰੱਖੇ ਜਾਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਲੋੜਵੰਦ ਦੀ ਤੁਰੰਤ ਸਹਾਇਤਾ ਕੀਤੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਣ ਲਈ ਵਾਹਨ ਰਸਤੇ ਵਿਚ ਨਾ ਖੜ੍ਹੇ ਕੀਤੇ ਜਾਣ। ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਦਾਨੀ ਸੱਜਣ ਜਾਂ ਹੋਰ ਸਮਾਜਿਕ ਜਥੇਬੰਦੀਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 62800-49331 'ਤੇ ਸੰਪਰਕ ਕਰਕੇ ਰਾਹਤ ਸਮੱਗਰੀ ਸੌਂਪ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਚ ਰਾਹਤ ਸਮੱਗਰੀ ਇਕੱਤਰ ਕਰਨ ਲਈ ਇਕ ਸੈਂਟਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਜਾਂ ਸਮਾਜਿਕ ਜਥੇਬੰਦੀਆਂ ਵਲੋਂ ਜਮ੍ਹਾ ਕਰਵਾਈ ਰਾਹਤ ਸਮੱਗਰੀ ਨੂੰ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋੜ ਅਨੁਸਾਰ ਪਹੁੰਚਾਇਆ ਜਾ ਰਿਹਾ ਹੈ।