ਵਿਧਾਇਕ ਜਗਦੀਪ ਕੰਬੋਜ ਗੋਲਡੀ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਫੀਡ ਲੈ ਕੇ ਪੁੱਜੇ

ਮੰਡੀ ਲਾਧੂਕਾ, 6 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਖੁਦ ਟਰੈਕਟਰ ਚਲਾ ਕੇ ਹਲਕੇ ਦੇ ਹੜ੍ਹ ਪ੍ਰਭਾਵਿਤ ਢਾਣੀ ਨੱਥੀ ਸਿੰਘ ਪਸ਼ੂਆਂ ਲਈ ਫੀਡ ਲੈ ਕੇ ਪਹੁੰਚੇ। ਇਸ ਮੌਕੇ ਜਿਥੇ ਪਿੰਡ ਵਾਸੀਆਂ ਦਾ ਹਾਲ ਜਾਣਿਆ, ਉਥੇ ਪਿੰਡ ਵਾਸੀਆਂ ਦੇ ਇਸ ਹੌਸਲੇ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਤੇ ਮੈਂ ਅੱਜ ਇਥੇ ਇਨ੍ਹਾਂ ਲੋਕਾਂ ਕਰਕੇ ਖੜ੍ਹਾ ਹਾਂ ਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰਾਂ। ਫੀਡ, ਰਾਸ਼ਨ ਤੇ ਤਰਪਾਲਾਂ ਤਾਂ ਉਹ ਮੁਹੱਈਆਂ ਕਰਵਾ ਹੀ ਰਹੇ ਹਨ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਦੀਆਂ ਜ਼ਮੀਨਾਂ ਪੱਕੀਆਂ ਕਰਵਾਈਆਂ ਜਾਣ ਜੋ ਕਿ ਇਨ੍ਹਾਂ ਦੀ ਅਹਿਮ ਮੰਗ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਪਾਣੀ ਦੀ ਇਸ ਕੁਦਰਤੀ ਕਰੋਪੀ ਦੀ ਸਾਡੇ ਹਲਕੇ ਵਿਚ ਮਾਰ ਹੋਈ ਹੈ, ਉਹ ਲਗਾਤਾਰ ਹਲਕੇ ਦੇ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਦਾ ਹਾਲ ਜਾਣ ਰਹੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਐਮ.ਐੱਲ.ਏ. ਸਾਡੇ ਪਿੰਡ ਦੇ ਮੇਨ ਗੇਟ ਬੀ.ਐੱਸ.ਐਫ. ਚੌਕੀ ਨੱਥਾ ਸਿੰਘ ਢਾਣੀ ਪੁੱਜੇ ਤੇ ਲਛਮਣ ਨਹਿਰ ਰਾਹੀਂ ਢੰਡੀ ਕਦੀਮ, ਫੂਲੇ ਵਾਲਾ, ਪੀਰੇ ਕਾ, ਪ੍ਰਭਾਤ ਸਿੰਘ ਵਾਲਾ ਆਦਿ ਪਿੰਡਾਂ ਵਿਚ ਹੋਈਆਂ ਫਸਲਾਂ ਦਾ ਖਰਾਬਾ ਦੇਖਿਆ। ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਤੁਹਾਨੂੰ ਖਰਾਬ ਫਸਲਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਜਿਥੇ ਪੰਜਾਬ ਸਰਕਾਰ ਵਲੋਂ ਲਈ ਜਾ ਰਹੀ ਸਾਰ ਤੇ ਰਾਸ਼ਨ ਸਮੱਗਰੀ ਵੰਡ ਦੀ ਸ਼ਲਾਘਾ ਕੀਤੀ, ਉਥੇ ਹੀ ਕੇਂਦਰ ਸਰਕਾਰ ਤੋਂ ਬਾਰਡਰ ਏਰੀਏ ਦੇ ਲੋਕਾਂ ਦੀ ਸਾਰ ਲੈਣ ਦੀ ਗੱਲ ਕਹੀ।