ਦਰਿਆ ਬਿਆਸ ਵਲੋਂ ਆਰਜ਼ੀ ਬੰਨ੍ਹ ਨੂੰ ਲਾਈ ਜਾ ਰਹੀ ਢਾਹ ਕਾਰਨ ਬੋਰਿਆਂ ਦਾ ਕਰੇਟ ਦਰਿਆ ਬੁਰਦ ਹੋਇਆ

ਕਪੂਰਥਲਾ, 6 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਪਿੰਡ ਮੰਡ ਖਿਜਰਪੁਰ ਦੇ ਸਾਹਮਣੇ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ ਬਣਾਏ ਗਏ 9 ਕਿਲੋਮੀਟਰ ਲੰਬੇ ਆਰਜ਼ੀ ਬੰਨ੍ਹ ਨੂੰ ਦਰਿਆ ਬਿਆਸ ਵਲੋਂ ਲਗਾਤਾਰ ਲਗਾਈ ਜਾ ਰਹੀ ਢਾਹ ਕਾਰਨ ਬੀਤੇ ਦਿਨ ਲਾਇਆ ਬੋਰਿਆਂ ਦਾ ਇਕ ਕਰੇਟ ਦਰਿਆ ਵਿਚ ਬੁਰਦ ਹੋ ਗਿਆ ਹੈ। ਦਰਿਆ ਬਿਆਸ ਦਾ ਵਹਿਣ ਬਦਲਣ ਕਾਰਨ ਆਰਜ਼ੀ ਬੰਨ੍ਹ ਦੇ ਨਾਲ 40 ਫੁੱਟ ਦੇ ਕਰੀਬ ਪਾਣੀ ਵਗ ਰਿਹਾ ਹੈ। ਇਸ ਬੰਨ੍ਹ ਨੂੰ ਬਚਾਉਣ ਲਈ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਬਾਬਾ ਜੈ ਸਿੰਘ ਮਹਿਮਦਵਾਲ ਵਾਲੇ ਤੇ ਹੋਰ ਸੰਪਰਦਾਵਾਂ ਨਾਲ ਸਬੰਧਿਤ ਸੰਗਤ ਤੇ ਇਲਾਕੇ ਦੇ ਕਿਸਾਨ ਬੰਨ੍ਹ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ ਕਰ ਰਹੇ ਹਨ ਪਰ ਜਿਸ ਤਰ੍ਹਾਂ ਦਰਿਆ ਵਲੋਂ ਬੰਨ੍ਹ ਨੂੰ ਢਾਹ ਲਗਾਈ ਜਾ ਰਹੀ ਹੈ, ਉਸ ਨਾਲ ਆਰਜ਼ੀ ਬੰਨ੍ਹ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਪਿੰਡ ਮੰਗੂਪੁਰ ਦੇ ਵਾਸੀ ਤੇ ਖੇਤੀਬਾੜੀ ਵਿਭਾਗ ਦੇ ਸੇਵਾ-ਮੁਕਤ ਅਧਿਕਾਰੀ ਰੇਸ਼ਮ ਸਿੰਘ, ਕਿਸਾਨ ਆਗੂ ਹੁਕਮ ਸਿੰਘ ਨੂਰੋਵਾਲ, ਸ਼ਿੰਗਾਰਾ ਸਿੰਘ ਨੂਰੋਵਾਲ, ਰਘਬੀਰ ਸਿੰਘ ਮਹਿਰਵਾਲਾ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹ ਵਾਰ-ਵਾਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਅਪੀਲਾਂ ਕਰ ਚੁੱਕੇ ਹਨ ਕਿ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਪਰ ਡਿਪਟੀ ਕਮਿਸ਼ਨਰ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਬੰਨ੍ਹ ਨਾ ਬਚਿਆ ਤਾਂ ਦਰਿਆ ਬਿਆਸ ਦਾ ਵਹਿਣ ਬਦਲ ਕੇ ਸਿੱਧਾ ਪੁਰਾਣੇ ਧੁੱਸੀ ਬੰਨ੍ਹ ਵੱਲ ਹੋ ਜਾਵੇਗਾ, ਜਿਸ ਕਾਰਨ ਇਲਾਕੇ ਦੇ 12 ਤੋਂ ਵੱਧ ਪਿੰਡਾਂ ਦੀ 4200 ਏਕੜ ਝੋਨੇ ਦੀ ਫ਼ਸਲ ਤੋਂ ਇਲਾਵਾ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਹੋਰ ਬਹੁਤ ਸਾਰੇ ਪਿੰਡ ਹੜ੍ਹ ਦੀ ਮਾਰ ਹੇਠ ਆ ਜਾਣਗੇ। ਉਨ੍ਹਾਂ ਪ੍ਰਸ਼ਾਸਨ ਨੂੰ ਮੁੜ ਅਪੀਲ ਕੀਤੀ ਕਿ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਕਿਸਾਨਾਂ ਦੀ ਮਦਦ ਕੀਤੀ ਜਾਵੇ।