ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਹੋਏ ਅਗਨ ਭੇਂਟ


ਮਾਛੀਵਾੜਾ ਸਾਹਿਬ, 11 ਸਤੰਬਰ (ਮਨੋਜ ਕੁਮਾਰ,ਰਾਜਦੀਪ ਸਿੰਘ )- ਨਜ਼ਦੀਕੀ ਪਿੰਡ ਸ੍ਰੀ ਝਾੜ ਸਾਹਿਬ ਵਿਖੇ ਪਵਾਤ ਵੱਲ ਜਾਂਦੀ ਸੜਕ ’ਤੇ ਨਹਿਰ ’ਤੇ ਸੁਸ਼ੋਭਿਤ ਕਾਰ ਸੇਵਾ ਗੁਰਦੁਆਰਾ ਸਾਹਿਬ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋਏ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਅਕਾਲੀ ਆਗੂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਰਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਗੁਰਦੁਆਰਾ ਸਾਹਿਬ ਕਾਰ ਸੇਵਾ ਦੇ ਸੱਚਖੰਡ ਸਾਹਿਬ ਵਿਚ ਬਿਜਲੀ ਦੀ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਏ.ਸੀ. ਦਾ ਕੰਪਰੈਸ਼ਰ ਫੱਟ ਗਿਆ, ਜਿਸ ਕਾਰਨ ਇਹ ਮੰਦਭਾਗਾ ਭਾਣਾ ਵਾਪਰ ਗਿਆ ਤੇ ਅਚਾਨਕ ਅੱਗ ਵਧਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ, ਜਿਸ ਦੀ ਸੂਚਨਾ ਮਿਲਦੇ ਸਾਰ ਹੀ ਗੁਰਦੁਆਰਾ ਚਾੜ ਸਾਹਿਬ ਤੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਪਹੁੰਚੇ।
ਸਭ ਤੋਂ ਪਹਿਲਾਂ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲਿਆ ਅਤੇ ਗੁਰਦੁਆਰਾ ਸਾਹਿਬ ਵਿਚ ਸੰਗਤ ਨੇ ਸਾਰੀ ਰਾਤ ਬੈਠ ਕੇ ਜਾਪ ਕੀਤਾ। ਇਸ ਸਾਰੀ ਘਟਨਾ ਦੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਅਤੇ ਉਹਨਾਂ ਨੇ ਪੰਜ ਸਿੰਘ ਸਾਹਿਬਾਨਾਂ ਦੀ ਡਿਊਟੀ ਲਗਾਈ, ਜਿਨ੍ਹਾਂ ਨੇ ਗੁਰਦੁਆਰਾ ਕਾਰ ਸੇਵਾ ਝਾੜ ਸਾਹਿਬ ਵਿਖੇ ਪੂਰੀ ਗੁਰੂ ਮਰਿਆਦਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੰਭਾਲਿਆ ਅਤੇ ਇਹਨਾਂ ਸਰੂਪਾਂ ਨੂੰ ਅੱਜ ਸਵੇਰੇ ਗੋਇੰਦਵਾਲ ਸਾਹਿਬ ਨੂੰ ਰਵਾਨਾ ਕੀਤਾ।