JALANDHAR WEATHER

ਪਿੰਡ ਮਾਝੀ ਵਿਚੋਂ ਚੋਰੀ ਹੋਈ ਥਾਰ ਗੱਡੀ ਅਤੇ ਹੋਰ ਸਮਾਨ ਸਮੇਤ ਪੁਲਿਸ ਨੇ ਪਿੰਡ ਦੇ ਇਕ ਵਿਅਕਤੀ ਸਮੇਤ 2 ਨੂੰ ਕੀਤਾ ਕਾਬੂ

ਭਵਾਨੀਗੜ੍ਹ, (ਸੰਗਰੂਰ), 13 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਲੰਘੇ ਦਿਨੀਂ ਪਿੰਡ ਮਾਝੀ ਵਿਖੇ ਇਕ ਘਰ ਵਿਚੋਂ ਥਾਰ ਗੱਡੀ, ਗਹਿਣੇ ਅਤੇ ਹੋਰ ਸਮਾਨ ਚੋਰੀ ਹੋਣ ਦੇ ਮਾਮਲੇ ਨੂੰ ਪੁਲਿਸ ਵਲੋਂ ਹੱਲ ਕਰਦਿਆਂ ਪਿੰਡ ਦੇ ਇਕ ਵਿਅਕਤੀ ਸਮੇਤ 2 ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਸਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 7 ਸਤੰਬਰ ਨੂੰ ਪਿੰਡ ਮਾਝੀ ਵਿਖੇ ਇਕ ਘਰ ’ਚੋਂ ਥਾਰ ਗੱਡੀ, ਗਹਿਣੇ ਅਤੇ ਹੋਰ ਸਮਾਨ ਚੋਰੀ ਹੋਣ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ, ਜਿਸ ਦੌਰਾਨ ਡੀ.ਐਸ.ਪੀ. ਰਾਹੁਲ ਕੌਂਸਲ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਪੁਲਿਸ ਦੀ ਇਕ ਜਾਂਚ ਟੀਮ, ਜਿਸ ’ਚ ਸਬ ਇੰਸਪੈਕਟਰ ਦਮਨਦੀਪ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਥਾਣੇ ਦੇ ਮੁਨਸ਼ੀ ਜਗਸੀਰ ਸਿੰਘ ਅਤੇ ਅਸ਼ਵਨੀ ਕੁਮਾਰ ਆਈ.ਟੀ ਸੈਲ ਨੂੰ ਸ਼ਾਮਿਲ ਕਰਕੇ ਇਸ ਕੇਸ ਦੀ ਜਾਂਚ ਕਰਕੇ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਚੋਰੀ ਨੂੰ ਲੈ ਕੇ ਪਿੰਡ ਵਿਚ ਲੱਗੇ ਕੈਮਰਿਆਂ ਦੀਆਂ ਰਿਕਾਰਡਿੰਗਾਂ ਦੇਖ਼ਦਿਆਂ ਆਪਣੀ ਤਕਨੀਕ ਦੀ ਵਰਤੋਂ ਕੀਤੀ, ਜਿਸ ਵਿਚ ਜਾਂਚ ਅਧਿਕਾਰੀ ਅਨੁਸਾਰ ਪਿੰਡ ਮਾਝੀ ਵਿਖੇ ਡੀ.ਜੇ, ਵਿਆਹ ਸ਼ਾਦੀਆਂ ਵਿਚ ਡੋਲੀ ਵਾਲੀ ਕਾਰ ਕਿਰਾਏ ਦੇ ਦਿੰਦਾ ਅਤੇ ਫੋਟੋਗ੍ਰਾਫੀ ਦੀ ਦੁਕਾਨ ਕਰਨ ਵਾਲੇ ਬਿੱਕਰ ਸਿੰਘ ਵਿੱਕੀ ਪੁੱਤਰ ਅਜੈਬ ਸਿੰਘ, ਜਿਸ ਨੇ ਆਪਣੀ ਮਾਸੀ ਦੇ ਲੜਕੇ ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁਲਾਰਾਂ ਸਮਾਣਾ ਨਾਲ ਮਿਲ ਕੇ ਇਸ ਚੋਰੀ ਨੂੰ ਅੰਜ਼ਾਮ ਦਿੱਤਾ ਸੀ, ਨੂੰ ਕਾਬੂ ਕਰਕੇ ਉਨ੍ਹਾਂ ਤੋਂ ਸਮਾਨ ਬਰਾਮਦ ਕਰਵਾਇਆ।

ਉਨ੍ਹਾਂ ਦੱਸਿਆ ਕਿ ਬਿੱਕਰ ਸਿੰਘ ਨੂੰ ਪਿੰਡ ਵਿਚੋਂ ਹੀ ਇਹ ਜਾਣਕਾਰੀ ਮਿਲੀ ਸੀ ਕਿ ਇਸ ਘਰ ਵਿਚ ਬਜ਼ੁਰਗ ਮਹਿਲਾ ਇਕੱਲੀ ਰਹਿੰਦੀ ਹੈ, ਇਸ ਦੇ ਪੁੱਤਰ ਅਤੇ ਨੂੰਹ ਵਿਦੇਸ਼ ਵਿਚ ਗਏ ਹੋਏ ਹਨ। ਉਸ ਨੂੰ ਇਹ ਵੀ ਪਤਾ ਲੱਗਿਆ ਕਿ ਬਜ਼ੁਰਗ ਮਹਿਲਾ ਕੁਝ ਦਿਨਾਂ ਤੋਂ ਘਰੋਂ ਕਿਤੇ ਗਈ ਹੋਣ ਕਾਰਨ ਇਨ੍ਹਾਂ ਘਰ ਵਿਚ ਖੜੀ ਥਾਰ ਗੱਡੀ ਅਤੇ ਸਮਾਨ ਚੋਰੀ ਕੀਤਾ। ਉਨ੍ਹਾਂ ਦੱਸਿਆ ਕਿ ਦੋਵੇਂ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰਕੇ ਥਾਰ ਗੱਡੀ ਦਿੜ੍ਹਬਾ ਨੇੜੇ ਇਕ ਗੁਰੂ ਘਰ ਦੀ ਪਾਰਕਿੰਗ ਵਿਚੋਂ ਬਰਾਮਦ ਕੀਤੀ।

ਇਨ੍ਹਾਂ ਵਲੋਂ ਚੋਰੀ ਕੀਤੇ ਗਹਿਣੇ, ਜੋ ਪੁਲਿਸ ਦੇ ਦੱਸਣ ਅਨੁਸਾਰ ਨਕਲੀ ਪਾਏ ਗਏ ਅਤੇ ਹੋਰ ਸਮਾਨ ਜਿਨ੍ਹਾਂ ਵਿਚ ਐਲ.ਈ.ਡੀ, ਮਾਈਕਰੋਵੇਵ ਆਦਿ ਪੁਲਿਸ ਨੇ ਬਰਾਮਦ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਗਹਿਲਾਂ ਦੀ ਸੁਸਾਇਟੀ ਵਿਚੋਂ ਚੋਰੀ ਹੋਏ ਕੰਪਿਊਟਰ ਅਤੇ ਹੋਰ ਸਮਾਨ ਵੀ ਬਿੱਕਰ ਸਿੰਘ ਤੋਂ ਬਰਾਮਦ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਕਿ ਹੋਰ ਸਖ਼ਤੀ ਨਾਲ ਪੁਛਗਿੱਛ ਕਰਕੇ ਇਨ੍ਹਾਂ ਤੋਂ ਹੋਰ ਵੀ ਵੱਡੇ ਖੁਲਾਸੇ ਕਰਵਾਏ ਜਾ ਸਕਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ