ਨੈਸ਼ਨਲ ਹਾਈਵੇ ਅਥਾਰਟੀ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ- ਹਰਸ਼ ਮਲਹੋਤਰਾ

ਕਪੂਰਥਲਾ, 13 ਸਤੰਬਰ (ਅਮਰਜੀਤ ਕੋਮਲ)- ਪੰਜਾਬ ਵਿਚ ਹੜ੍ਹ ਨਾਲ ਖ਼ਰਾਬ ਹੋਈਆਂ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਆਵਾਜਾਈ ’ਚ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਹ ਗੱਲ ਪਿੰਡ ਵਡਾਲਾ ਕਲਾਂ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸ਼ ਮਲਹੋਤਰਾ ਕੇਂਦਰੀ ਟਰਾਂਸਪੋਰਟ ਰਾਜ ਮੰਤਰੀ ਨੇ ਕਹੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਪੰਜਾਬ ਵਿਚ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਠ ਕੇਂਦਰੀ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਬੀਤੇ ਦਿਨ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਭੁਲੱਥ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਅੱਜ ਉਹ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਸਬ ਡਿਵੀਜ਼ਨ ਦੇ ਖੇਤਰਾਂ ਦਾ ਦੌਰਾ ਕਰਨਗੇ। ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਹੜ੍ਹ ਨਾਲ ਫ਼ਸਲਾਂ ਤੋਂ ਇਲਾਵਾ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਰਸ਼ ਮਲਹੋਤਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਸਾਰ ਨਹੀਂ ਲਈ, ਪਰ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਪੱਧਰ ’ਤੇ ਲੋਕਾਂ ਦੀ ਮਦਦ ਕਰ ਰਹੇ ਹਨ।
ਇਸ ਮੌਕੇ ਪਿੰਡ ਵਡਾਲਾ ਕਲਾਂ ਦੇ ਲੋਕਾਂ ਨੇ ਹਰਸ਼ ਮਲਹੋਤਰਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਵਡਾਲਾ ਕਲਾਂ ਦੇ ਸਾਹਮਣੇ ਬਣੇ ਫਲਾਈਓਵਰ ਦੇ ਨਾਲ ਦੀ ਪਿੰਡ ਵਾਸੀਆਂ ਨੂੰ ਆਉਣ ਤੇ ਜਾਣ ਲਈ ਰਸਤਾ ਦਵਾਇਆ ਜਾਵੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਸੰਬੰਧੀ ਰੇਲਵੇ ਮੰਤਰਾਲੇ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਮੱਸਿਆ ਹੱਲ ਕਰਾਉਣ ਦਾ ਯਤਨ ਕਰਨਗੇ। ਇਸੇ ਦੌਰਾਨ ਹੀ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਸੇਵਾ ਮੁਕਤ ਚੀਫ਼ ਇੰਜੀਨੀਅਰ ਗੁਰਦੀਪ ਸਿੰਘ ਬਾਂਸਲ ਤੇ ਕੁਲਵਿੰਦਰ ਸਿੰਘ ਸੈਂਬੀ ਨੇ ਕੇਂਦਰੀ ਰਾਜ ਮੰਤਰੀ ਤੋਂ ਮੰਗ ਕੀਤੀ ਕਿ ਕਪੂਰਥਲਾ ਜ਼ਿਲ੍ਹੇ ਦੇ ਲੋਕਾਂ ਨੂੰ ਕਰਤਾਰਪੁਰ ਤੇ ਸੁਭਾਨਪੁਰ ਜਾਣ ਲਈ ਰੇਲਵੇ ਫਾਟਕ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਲੋਕਾਂ ਦੀ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਦੋਵੇਂ ਥਾਵਾਂ ’ਤੇ ਫਲਾਈ ਓਵਰ ਬਣਾਏ ਜਾਣ। ਇਸ ਮੰਗ ’ਤੇ ਵੀ ਕੇਂਦਰੀ ਰਾਜ ਮੰਤਰੀ ਨੇ ਯੋਗ ਕਾਰਵਾਈ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਹਰਸ਼ ਮਲਹੋਤਰਾ ਦਾ ਵਡਾਲਾ ਕਲਾਂ ਵਿਖੇ ਪੁੱਜਣ ’ਤੇ ਸਵਾਗਤ ਕੀਤਾ ਅਤੇ ਪਿੰਡ ਵਡਾਲਾ ਕਲਾਂ ਦੇ ਵਾਸੀਆਂ ਨੇ ਹਰਸ਼ ਮਲਹੋਤਰਾ, ਸੋਮ ਪ੍ਰਕਾਸ਼, ਕੇ.ਡੀ. ਭੰਡਾਰੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਸਰਬਜੀਤ ਸਿੰਘ ਦਿਓਲ ਤੋਂ ਇਲਾਵਾ ਏਡੀਸੀ ਡੀ ਵਰਿੰਦਰਪਾਲ ਸਿੰਘ ਬਾਜਵਾ, ਡੀ.ਐਸ.ਪੀ. ਦੀਪ ਕਰਨ ਸਿੰਘ ਤੇ ਸਿਵਲ ਪ੍ਰਸ਼ਾਸਨ ਨਾਲ ਸੰਬੰਧਿਤ ਹੋਰ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।