ਬਠਿੰਡਾ ਪਿੰਡ ਵਿਚ ਧਮਾਕੇ ਦੀ ਘਟਨਾ: ਪੁਲਿਸ ਵਲੋਂ ਮਾਮਲਾ ਦਰਜ, ਜਾਂਚ ਜਾਰੀ

ਚੰਡੀਗੜ੍ਹ, 13 ਸਤੰਬਰ- ਬਠਿੰਡਾ ਦੇ ਜੀਦਾ ਪਿੰਡ ਵਿਚ ਹੋਏ ਧਮਾਕੇ ਕਾਰਨ ਜ਼ਖ਼ਮੀ ਹੋਏ ਜਗਤਾਰ ਸਿੰਘ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬਠਿੰਡਾ ਪੁਲਿਸ ਨੇ ਇਸ ਘਟਨਾ ਦੇ ਸੰਬੰਧ ਵਿਚ ਇਕ ਸਥਾਨਕ ਨੌਜਵਾਨ ਗੁਰਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਂਡਲ ਨੇ ਮਾਮਲੇ ਬਾਰੇ ਮਹੱਤਵਪੂਰਨ ਵੇਰਵਿਆਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਨੂੰ ਸੁਰੱਖਿਅਤ ਕਰ ਲਿਆ ਹੈ, ਬੰਬ ਨਿਰੋਧਕ ਟੀਮਾਂ ਤਾਇਨਾਤ ਕੀਤੀਆਂ ਹਨ ਅਤੇ ਜਾਂਚ ਲਈ ਰਿਮੋਟਲੀ ਓਪਰੇਟਿਡ ਵਹੀਕਲ (ਆਰ.ਓ.ਵੀ.) ਦੀ ਵਰਤੋਂ ਕੀਤੀ ਹੈ।
ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਵਿਚ ਕੱਟੜਪੰਥੀ ਵਿਚਾਰਧਾਰਾਵਾਂ ਅਤੇ ਰਸਾਇਣਾਂ ਤੋਂ ਵਿਸਫੋਟਕ ਬਣਾਉਣ ਦੀਆਂ ਹਦਾਇਤਾਂ ਨਾਲ ਜੁੜੇ ਵੀਡੀਓਜ਼, ਹੋਰ ਇਤਰਾਜ਼ਯੋਗ ਸਮੱਗਰੀ ਦੇ ਨਾਲ-ਨਾਲ ਸਾਹਮਣੇ ਆਈਆਂ ਹਨ।
ਕੌਂਡਲ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੁਆਰਾ ਕਥਿਤ ਤੌਰ ’ਤੇ ਪ੍ਰਾਪਤ ਕੀਤੀ ਗਈ ਸਮੱਗਰੀ ਫੋਰੈਂਸਿਕ ਜਾਂਚ ਅਧੀਨ ਹੈ, ਜਿਸਦੀ ਵਿਸਤ੍ਰਿਤ ਰਿਪੋਰਟ ਆਉਣੀ ਬਾਕੀ ਹੈ।