ਯੂ.ਪੀ. : ਬੱਸ ਦੀ ਟ੍ਰੇਲਰ ਟਰੱਕ ਨਾਲ ਟੱਕਰ 'ਚ 4 ਸ਼ਰਧਾਲੂਆਂ ਦੀ ਮੌਤ, 9 ਜ਼ਖ਼ਮੀ

ਜੌਨਪੁਰ (ਯੂ.ਪੀ.), 15 ਸਤੰਬਰ - ਯੂਪੀ ਦੇ ਜੌਨਪੁਰ ਵਿਚ ਇਕ ਦਰਦਨਾਕ ਸੜਕ ਹਾਦਸਾ ਹੋਇਆ ਹੈ। ਸ਼ਰਧਾਲੂਆਂ ਨਾਲ ਭਰੀ ਅਯੁੱਧਿਆ ਤੋਂ ਕਾਸ਼ੀ ਜਾ ਰਹੀ ਇਕ ਬੱਸ ਦੀ ਟ੍ਰੇਲਰ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ 4 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਲਾਈਨ ਬਾਜ਼ਾਰ ਥਾਣਾ ਖੇਤਰ ਦੇ ਸੀਹੀਪੁਰ ਕਰਾਸਿੰਗ ਨੇੜੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਇਸ ਬੱਸ ਵਿੱਚ ਛੱਤੀਸਗੜ੍ਹ ਦੇ ਲਗਭਗ 50 ਯਾਤਰੀ ਸਵਾਰ ਸਨ, ਜੋ ਕਿ ਅਯੁੱਧਿਆ ਤੋਂ ਕਾਸ਼ੀ ਦਰਸ਼ਨ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਡਰਾਇਵਰ ਅੱਗੇ ਜਾ ਰਹੇ ਟ੍ਰੇਲਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਸ ਦੌਰਾਨ ਟ੍ਰੇਲਰ ਨੇ ਕੰਟਰੋਲ ਗੁਆ ਦਿੱਤਾ। ਇਸ ਦੌਰਾਨ ਬੱਸ ਇਕ ਪਾਸਿਓਂ ਟ੍ਰੇਲਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ, ਸੜਕ 'ਤੇ ਆਵਾਜਾਈ ਵਿਵਸਥਾ ਪ੍ਰਭਾਵਿਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਆਵਾਜਾਈ ਵਿਵਸਥਾ ਨੂੰ ਚਾਲੂ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਸਹਾਇਤਾ ਤੋਂ ਬਾਅਦ, ਕਈ ਯਾਤਰੀਆਂ ਨੂੰ ਉਨ੍ਹਾਂ ਦੇ ਸਾਮਾਨ ਸਮੇਤ ਘਰ ਭੇਜ ਦਿੱਤਾ ਗਿਆ ਹੈ। ਗੰਭੀਰ ਰੂਪ ਵਿਚ ਜ਼ਖਮੀ 9 ਯਾਤਰੀਆਂ ਦਾ ਇਲਾਜ ਜਾਰੀ ਹੈ।