ਅਲਬਰਟਾ ਸਰਕਾਰ ਵਲੋਂ ਡਰਾਈਵਿੰਗ ਲਾਇਸੈਂਸ ਅਤੇ ਆਈ. ਡੀ. ਕਾਰਡਾਂ ’ਚ ਬਦਲਾਅ ਦਾ ਐਲਾਨ

ਕੈਲਗਰੀ, 16 ਸਤੰਬਰ (ਜਸਜੀਤ ਸਿੰਘ ਧਾਮੀ)- ਅਲਬਰਟਾ ਦੇ ਡਰਾਈਵਿੰਗ ਲਾਇਸੈਂਸਾਂ ਅਤੇ ਹੋਰ ਸੂਬਾਈ ਪਹਿਚਾਣ ਪੱਤਰਾਂ (ਆਈ. ਡੀ. ਕਾਰਡਾਂ) ’ਤੇ ਦੇਸ਼ ਦੀ ਨਾਗਰਿਕਤਾ ਦਾ ਨਿਸ਼ਾਨ ਲਗਾਇਆ ਜਾਵੇਗਾ। ਇਹ ਐਲਾਨ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਵਿਚ ਅਲਬਰਟਾ ਹੈਲਥ ਕੇਅਰ ਨੰਬਰ ਵੀ ਸ਼ਾਮਿਲ ਕੀਤਾ ਜਾਵੇਗਾ। ਸਮਿੱਥ ਅਨੁਸਾਰ ਇਹ ਬਦਲਾਅ ਸਰਕਾਰੀ ਸੇਵਾਵਾਂ ਨੂੰ ਆਸਾਨ ਬਣਾਉਣ, ਵੋਟਾਂ ਵੇਲੇ ਧੋਖਾਧੜੀ ਨੂੰ ਠੱਲ੍ਹ ਪਾਉਣ, ਵਿਦਿਆਰਥੀਆਂ ਅਤੇ ਅਪੰਗ ਲੋਕਾਂ ਲਈ ਉਨ੍ਹਾਂ ਦੇ ਫੰਡ ਹਾਸਲ ਕਰਨ ਅਤੇ ਹੋਰ ਜ਼ਰੂਰੀ ਸਰਕਾਰੀ ਕੰਮਕਾਜ ਕਰਨ ਲਈ ਸੌਖਾ ਕਰਨ ਲਈ ਹੈ, ਜਿਥੇ ਦੇਸ਼ ਦੀ ਨਾਗਰਿਕਤਾ ਦਾ ਸਬੂਤ ਦੇਣਾ ਲਾਜ਼ਮੀ ਹੁੰਦਾ ਹੈ। ਇਹ ਨਿਸ਼ਾਨ ਡਰਾਈਵਿੰਗ ਲਾਇਸੈਂਸ ’ਤੇ ਕੈਨ (ਅੰਗਰੇਜ਼ੀ ਵਿਚ) ਦੇ ਅੱਖਰਾਂ ਦੇ ਰੂਪ ਵਿਚ ਹੋਵੇਗਾ। ਗੈਰ-ਨਾਗਰਿਕ, ਜਿਵੇਂ ਕਿ ਸਥਾਈ ਨਿਵਾਸੀ (ਪੀ.ਆਰ.) ਜੋ ਡਰਾਈਵਿੰਗ ਲਾਇਸੈਂਸ ਦੇ ਯੋਗ ਹੈ, ਉਨ੍ਹਾਂ ਦੇ ਪੱਤਰਾਂ ’ਤੇ ਇਹ ਨਿਸ਼ਾਨ ਨਹੀਂ ਹੋਵੇਗਾ। ਇਸ ਬਦਲਾਅ ਨਾਲ ਸੂਬੇ ਦੇ ਕੈਨੇਡੀਅਨ ਨਾਗਰਿਕਾਂ ਨੂੰ ਪ੍ਰੋਗਰਾਮ ਤੇ ਸੇਵਾਵਾਂ ਤੱਕ ਪਹੁੰਚਣ ਲਈ ਇਕ ਹੀ ਸੁਰੱਖਿਅਤ ਕਾਰਡ ਮਿਲ ਜਾਵੇਗਾ, ਜਿਸ ਨਾਲ ਕੰਮ ਕਰਨਾ ਹੋਰ ਸੌਖਾ ਹੋਵੇਗਾ।