ਉੱਤਰਾਖ਼ੰਡ- ਦੇਰ ਰਾਤ ਫਟਿਆ ਬੱਦਲ, ਬਾਜ਼ਾਰ ’ਚ ਭਰਿਆ ਮਲਬਾ

ਦੇਹਰਾਦੂਨ, 16 ਸਤੰਬਰ- ਸੋਮਵਾਰ ਦੇਰ ਰਾਤ ਉੱਤਰਾਖ਼ੰਡ ਦੇ ਦੇਹਰਾਦੂਨ ਵਿਖੇ ਸਹਸਤਧਾਰਾ ਵਿਚ ਬੱਦਲ ਫਟਣ ਦੀ ਘਟਨਾ ਵਾਪਰੀ। ਭਾਰੀ ਬਾਰਿਸ਼ ਕਾਰਨ ਤਮਸਾ ਨਦੀ ਵਿਚ ਆਏ ਹੜ੍ਹ ਵਿਚ 2 ਲੋਕ ਲਾਪਤਾ ਹੋ ਗਏ, ਜਦੋਂ ਕਿ ਕਈ ਵਾਹਨ ਵਹਿ ਗਏ ਤੇ ਕਈ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ।
ਜਾਣਕਾਰੀ ਅਨੁਸਾਰ ਇਹ ਘਟਨਾ ਰਾਤ 11:30 ਵਜੇ ਦੇ ਕਰੀਬ ਵਾਪਰੀ। ਬੱਦਲ ਫਟਣ ਤੋਂ ਬਾਅਦ ਮੁੱਖ ਬਾਜ਼ਾਰ ਵਿਚ ਬਹੁਤ ਸਾਰਾ ਮਲਬਾ ਡਿੱਗ ਗਿਆ। ਇਸ ਕਾਰਨ ਦੋ ਤੋਂ ਤਿੰਨ ਵੱਡੇ ਹੋਟਲਾਂ ਨੂੰ ਨੁਕਸਾਨ ਪਹੁੰਚਿਆ ਜਦੋਂ ਕਿ ਇਕ ਬਾਜ਼ਾਰ ਵਿਚ ਬਣੀਆਂ ਲਗਭਗ 7 ਤੋਂ 8 ਦੁਕਾਨਾਂ ਢਹਿ ਗਈਆਂ। ਰਾਤ 2 ਵਜੇ ਆਫ਼ਤ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਐਸ.ਡੀ.ਆਰ.ਐਫ਼. ਅਤੇ ਫਾਇਰ ਬ੍ਰਿਗੇਡ ਟੀਮਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ ਹੈ ਪਰ ਸੜਕ ’ਤੇ ਬਹੁਤ ਸਾਰਾ ਮਲਬਾ ਹੋਣ ਕਾਰਨ ਟੀਮ ਮੌਕੇ ’ਤੇ ਨਹੀਂ ਪਹੁੰਚ ਸਕੀ।
ਇਸ ਦੌਰਾਨ ਤਮਸਾ ਨਦੀ ਵਿਚ ਪਾਣੀ ਭਰ ਗਿਆ ਹੈ ਅਤੇ ਤਪਕੇਸ਼ਵਰ ਮਹਾਦੇਵ ਮੰਦਰ ਡੁੱਬ ਗਿਆ। ਮੰਦਰ ਦੇ ਪੁਜਾਰੀ ਆਚਾਰੀਆ ਬਿਪਿਨ ਜੋਸ਼ੀ ਨੇ ਕਿਹਾ ਕਿ ਸਵੇਰੇ 5 ਵਜੇ ਤੋਂ ਹੀ ਨਦੀ ਬਹੁਤ ਤੇਜ਼ ਵਹਿਣ ਲੱਗ ਪਈ, ਪੂਰਾ ਮੰਦਰ ਪਰਿਸਰ ਡੁੱਬ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਬਹੁਤ ਸਮੇਂ ਤੋਂ ਨਹੀਂ ਹੋਈ ਸੀ ਤੇ ਕਈ ਥਾਵਾਂ ’ਤੇ ਨੁਕਸਾਨ ਹੋਇਆ ਹੈ।