ਸ਼ਹੀਦਾਂ ਦੇ ਨਾਂਅ 'ਤੇ ਬਣੇ ਸਟੇਡੀਅਮ ਨੂੰ ਕੀਤਾ ਅਣਗੋਲਿਆਂ ,ਨੌਜਵਾਨ ਕੋਲੋਂ ਖਰਚਾ ਕਰਕੇ ਤਿਆਰ ਕਰਵਾ ਰਹੇ ਗਰਾਊਂਡ

ਚੋਗਾਵਾਂ/ਅੰਮਿ੍ਤਸਰ, 15 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਕੈਨੇਡਾ ਦੀ ਧਰਤੀ 'ਤੇ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਦਾ ਬਦਲਾ ਲੈਣ ਵਾਲੇ ਆਜ਼ਾਦੀ ਦੇ ਪ੍ਰਵਾਨੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿਚ ਬਣਿਆ ਖੇਡ ਸਟੇਡੀਅਮ ਜੋ ਸਰਕਾਰ ਦੀ ਬੇਰੁਖੀ ਕਾਰਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਪਿੰਡ ਦੇ ਅਗਾਂਹ ਵਧੂ ਨੌਜਵਾਨਾਂ ਵਲੋਂ ਮੌਜੂਦਾ ਸਰਕਾਰ ਦੇ ਧਿਆਨ ਵਿਚ ਲਿਆਉਣ ਬਾਵਜੂਦ ਵੀ ਇਸ ਖੇਡ ਸਟੇਡੀਅਮ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ। ਇਹ ਸਟੇਡੀਅਮ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਸੀ, ਵੱਡੇ ਘਾਹ ਵਿਚ ਸੱਪ ਹਰਲ ਹਰਲ ਫਿਰਦੇ ਹਨ। ਸਟੇਡੀਅਮ ਦੀਆਂ ਲਾਈਟਾਂ ਵੀ ਬੰਦ ਹਨ। ਸਵੇਰੇ ਤੇ ਰਾਤ ਸਮੇਂ ਇੱਥੇ ਲੋਕ ਸੈਰ ਕਰਨ ਤੋਂ ਵੀ ਡਰਨ ਲੱਗ ਪਏ ਹਨ। ਪਿੰਡ ਟਪਿਆਲੇ ਦੇ ਸਟੇਡੀਅਮ ਜਾਣ ਲਈ ਮਜਬੂਰ ਹਨ।
ਇਸ ਪਿੰਡ ਦੇ ਅਗਾਂਹ ਵਧੂ ਨੌਜਵਾਨ ਮੇਜਰ ਸਿੰਘ, ਜੋਗਿੰਦਰ ਸਿੰਘ ਰੰਧਾਵਾ ਜੋ ਸਟੇਡੀਅਮ ਵਿਚ ਆਉਂਦੇ ਹਨ , ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਨੂੰ ਭੁੱਲ ਚੁੱਕੀ ਹੈ, ਜਿਸ ਕਰਕੇ ਸੱਪਾਂ ਦਾ ਘਰ ਬਣੀ ਖੇਡ ਗਰਾਉਂਡ ਦੇ ਘਾਹ ਨੂੰ ਵਢਾ ਕੇ ਨੌਜਵਾਨਾਂ ਦੇ ਖੇਡਣ ਲਈ ਤਿਆਰ ਕਰਵਾਈ ਜਾ ਰਹੀ ਹੈ। ਇੱਥੇ ਲੱਗੀਆਂ ਲਾਈਟਾਂ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿਚ 3 ਰੋਜ਼ਾ ਟੂਰਨਾਮੈਂਟ ਕਰਵਾਏ ਜਾਂਦੇ ਸਨ। ਜਿਸ ਵਿਚ ਇੰਟਰਨੈਸ਼ਨਲ ਪੱਧਰ ਦੀਆਂ ਖੇਡਾਂ ਹੁੰਦੀਆਂ ਸਨ। ਇਹ ਸਟੇਡੀਅਮ ਆਪਣੇ ਆਖਰੀ ਸਾਹ ਗਿਣ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਸ ਸਟੇਡੀਅਮ ਦੀ ਸਾਰ ਲਈ ਜਾਵੇ।