ਹਾਂਸੀ ਬਟਾਣਾ ਦਾ ਮੁੱਦਾ ਸਾਂਝੇ ਯਤਨਾਂ ਨਾਲ ਹੱਲ ਕਰਵਾਇਆ ਜਾਵੇਗਾ - ਕੇਂਦਰੀ ਮੰਤਰੀ ਰਕਸ਼ਾ ਨਿਖਿਲ

ਪਟਿਆਲਾ, 16 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਹਰਿਆਣਾ ਵਲੋਂ ਘੱਗਰ ਦਰਿਆ ਅੱਗੇ ਕੱਢੀ ਹਾਂਸੀ ਬਟਾਣਾ ਨਹਿਰ ਦੀ ਡਾਫ ਕਾਰਨ ਹੜ੍ਹ ਪੀੜਤ ਪੰਜਾਬ ਦੇ ਪਿੰਡਾਂ ਵਲੋਂ ਲਗਾਏ ਧਰਮਹੇੜੀ ਵਿਖੇ ਧਰਨੇ ਵਿਚ ਅੱਜ ਕੇਂਦਰੀ ਮੰਤਰੀ ਰਕਸ਼ਾ ਨਿਖਿਲ ਨੇ ਪਹੁੰਚ ਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਦੇ ਹੱਲ ਲਈ ਕੇਂਦਰ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮਸਲਾ ਹਰਿਆਣਾ ਪੰਜਾਬ ਵਿਚਕਾਰ ਅੰਤਰਰਾਜੀ ਮਸਲਾ ਹੈ। ਇਸ ਕਰਕੇ ਹਰਿਆਣਾ ਅਤੇ ਪੰਜਾਬ ਦੇ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਲੈ ਕੇ ਇਕੱਠੇ ਤੌਰ ਉਤੇ ਇਸ ਦਾ ਹੱਲ ਕੱਢਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵਿਸ਼ੇਸ਼ ਤੌਰ ਉਤੇ ਪੁੱਜੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਉਨ੍ਹਾਂ ਦਾ ਮੁੱਦਾ ਪ੍ਰਧਾਨ ਮੰਤਰੀ ਮੋਦੀ ਤੱਕ ਪਹੁੰਚਾਉਣਗੇ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਨੂੰ ਹੱਲ ਵੀ ਕਰਵਾਉਣਗੇ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਖੇੜਕੀ, ਰਮੇਸ਼ ਗੋਇਲ, ਹਰਚਰਨ ਸਿੰਘ, ਮਲਕੀਤ ਸਿੰਘ ਚੀਮਾ, ਬਿੱਟੂ ਧਨੌਰੀ, ਗੁਰਵਿੰਦਰ ਸਿੰਘ ਢੀਂਡਸਾ, ਅਮਨ ਗਿੱਲ ਅਤੇ ਹੋਰ ਹਾਜ਼ਰ ਸਨ।