ਕੇਂਦਰੀ ਸੰਚਾਰ ਮੰਤਰਾਲੇ ਨੇ ਹੜ੍ਹ ਨਾਲ ਪ੍ਰਭਾਵਿਤ ਟਾਵਰਾਂ 'ਚੋਂ 99 ਪ੍ਰਤੀਸ਼ਤ ਟਾਵਰ 10 ਸਤੰਬਰ ਤੱਕ ਚਾਲੂ ਕਰ ਦਿੱਤੇ - ਡਾ. ਪੇਮਾਸਨੀ

ਕਪੂਰਥਲਾ, 16 ਸਤੰਬਰ (ਅਮਰਜੀਤ ਕੋਮਲ)-ਕੇਂਦਰੀ ਸੰਚਾਰ ਮੰਤਰਾਲੇ ਨੇ ਪੰਜਾਬ ਵਿਚ ਹੜ੍ਹ ਨਾਲ ਪ੍ਰਭਾਵਿਤ ਹੋਏ 455 ਟੈਲੀਕਾਮ ਟਾਵਰਾਂ ਵਿਚੋਂ 99 ਪ੍ਰਤੀਸ਼ਤ ਟਾਵਰ 10 ਸਤੰਬਰ ਤੱਕ ਚਾਲੂ ਕਰ ਦਿੱਤੇ ਸਨ ਤਾਂ ਜੋ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਗੱਲ ਡਾ. ਚੰਦਰ ਸ਼ੇਖਰ ਪੇਮਾਸਨੀ ਕੇਂਦਰੀ ਸੰਚਾਰ ਤੇ ਪੇਂਡੂ ਵਿਕਾਸ ਰਾਜ ਮੰਤਰੀ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੋ ਰੋਜ਼ਾ ਦੌਰੇ ਦੌਰਾਨ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹ ਦੀ ਸਥਿਤੀ ਤੇ ਰਾਹਤ ਕਾਰਜਾਂ ਦੀ ਸਮੀਖਿਆ ਉਪਰੰਤ ਕਹੀ।
ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਾਅਦ ਸਿਹਤ ਚੁਣੌਤੀਆਂ ਜਿਵੇਂ ਦਸਤ, ਸੰਚਾਰੀ ਬੀਮਾਰੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਲਈ ਖੇਤਾਂ ਵਿਚੋਂ ਮਿੱਟੀ ਤਰਜੀਹ ਆਧਾਰ 'ਤੇ ਚੁਕਵਾਈ ਜਾਵੇ। ਉਨ੍ਹਾਂ ਕਿਹਾ ਕਿ ਡਾਕ ਵਿਭਾਗ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਿੱਧੇ ਲਾਭ ਟਰਾਂਸਫ਼ਰ ਅਤੇ ਪੈਸੇ ਦੀ ਵੰਡ ਦੀ ਸੁਵਿਧਾ ਵੀ ਪ੍ਰਦਾਨ ਕਰ ਰਿਹਾ ਹੈ। ਡਾ. ਚੰਦਰ ਪੇਮਾਸਨੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮੁਸ਼ਕਿਲ ਦੀ ਘੜੀ ਵਿਚ ਪੰਜਾਬ ਦੇ ਲੋਕਾਂ ਨਾਲ ਖੜ੍ਹੀ ਹੈ ਤੇ ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਕੇਂਦਰ ਸਰਕਾਰ ਦੇ ਮੰਤਰੀ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਰਾਹਤ ਹਰ ਭਾਈਚਾਰੇ ਤੱਕ ਪਹੁੰਚਾਉਣੀ ਯਕੀਨੀ ਬਣਾਉਣ। ਕੇਂਦਰੀ ਸੰਚਾਰ ਤੇ ਪੇਂਡੂ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ 12 ਹਜ਼ਾਰ ਕਰੋੜ ਰੁਪਏ ਦਾ ਆਫ਼ਤ ਰਾਹਤ ਫ਼ੰਡ ਪਹਿਲਾਂ ਹੀ ਉਪਲਬਧ ਹੈ ਤੇ ਕੇਂਦਰ ਸਰਕਾਰ ਵਲੋਂ ਇਸ ਤੋਂ ਇਲਾਵਾ 1600 ਕਰੋੜ ਰੁਪਏ ਹੜ੍ਹ ਰਾਹਤ ਕਾਰਜਾਂ ਲਈ ਮਨਜ਼ੂਰ ਕੀਤੇ ਗਏ ਹਨ। ਮੀਟਿੰਗ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਦਿੱਲੀ ਤੋਂ ਕੇਂਦਰੀ ਮੰਤਰੀ ਨਾਲ ਆਏ ਹੋਰ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਬਾਅਦ ਵਿਚ ਡਾ. ਚੰਦਰ ਸ਼ੇਖਰ ਪੇਮਾਸਨੀ ਨੇ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਚੱਕਪੱਤੀ ਬਾਲੂ ਬਹਾਦਰ, ਸਰਦੁੱਲਾਪੁਰ, ਬਾਊਪੁਰ ਨੂੰ ਜਾਂਦੇ ਪੁਲ 'ਤੇ ਪਿੰਡ ਬਾਊਪੁਰ ਤੇ ਸਾਂਗਰਾ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕੇਂਦਰੀ ਮੰਤਰੀ ਨੇ ਇਲਾਕੇ ਦੇ ਲੋਕਾਂ ਵਲੋਂ ਚੱਕਪੱਤੀ ਬਾਲੂ ਬਹਾਦਰ ਦੇ ਨੇੜੇ ਲਗਾਏ ਜਾ ਰਹੇ ਆਰਜ਼ੀ ਬੰਨ੍ਹ ਦਾ ਦੌਰਾ ਵੀ ਕੀਤਾ ਤੇ ਉਨ੍ਹਾਂ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਲਈ ਕੇਂਦਰ ਸਰਕਾਰ ਵਲੋਂ ਸਮਰਥਨ ਦੇਣ ਦਾ ਭਰੋਸਾ ਦਿਵਾਇਆ।